12 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਨਗਰੀ ਅਯੁੱਧਿਆ, ਬਣਿਆ ਵਿਸ਼ਵ ਰਿਕਾਰਡ
Thursday, Nov 04, 2021 - 10:29 AM (IST)
ਅਯੁੱਧਿਅਾ– ਭਗਵਾਨ ਰਾਮ ਦੀ ਨਗਰੀ ਅਯੁੱਧਿਅਾ ਵਿਚ ਅੱਜ ਪੰਜਵੇਂ ਦੀਪ ਉਤਸਵ ਮਹਾਉਤਸਵ ’ਤੇ 12 ਲੱਖ ਦੀਵੇ ਜਲਾ ਕੇ ਵਿਸ਼ਵ ਰਿਕਾਰਡ ਬਣਾਇਅਾ ਹੈ। ਇਸ ਵਿਚੋਂ 9 ਲੱਖ ਦੀਵੇ ਰਾਮ ਦੀ ਪੈਡੀ ’ਤੇ ਜਲਾਏ ਗਏ, ਉਥੇ ਹੀ 3 ਲੱਖ ਦੀਵੇ ਅਯੁੱਧਿਅਾ ਦੇ ਮਠ-ਮੰਦਰਾਂ ਵਿਚ ਜਲਾਏ ਗਏ। ਦੀਪ ਉਤਸਵ ਪ੍ਰੋਗਰਾਮ ਲਈ 500 ਡਰੋਨ ਕੈਮਰੇ ਲਗਾਏ ਗਏ ਹਨ।
ਯੋਗੀ ਅਾਦਿਤਿਅਾਨਾਥ ਨੇ ਕਿਹਾ ਕਿ ਤੁਸੀਂ ਲੋਕ ਹੌਸਲਾ ਰੱਖੋ ਅਯੁੱਧਿਅਾ ਵਿਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 9 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਰਾਮ ਮੰਦਰ ਦਾ ਫੈਸਲਾ ਦਿੱਤਾ ਸੀ। ਉਸ ਤੋਂ ਬਾਅਦ ਮੰਦਰ ਨਿਰਮਾਣ ਦਾ ਕਾਰਜ ਸ਼ੁਰੂ ਹੋ ਗਿਅਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣ ਰਿਹਾ ਹੈ। ਇਸ ਦੌਰਾਨ ਉਨ੍ਹਾਂ ਸਾਰਿਅਾਂ ਨੂੰ ਦੀਵਾਲੀ ਦੀਅਾਂ ਹਾਰਦਿਕ ਸ਼ੁੱਭਕਾਮਨਾਵਾਂ ਵੀ ਦਿੱਤੀਅਾਂ।
ਯੋਗੀ ਅਾਦਿਤਿਅਾਨਾਥ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਜੈ ਸ਼੍ਰੀਰਾਮ ਦਾ ਨਾਅਰਾ ਲਗਾਉਣਾ ਅਤੇ ਰਾਮ ਮੰਦਰ ਦੀ ਗੱਲ ਕਹਿਣਾ ਅਪਰਾਧ ਹੁੰਦਾ ਸੀ ਪਰ ਲੋਕਤੰਤਰ ਦੀ ਤਾਕਤ ਇੰਨੀ ਮਜ਼ਬੂਤ ਹੁੰਦੀ ਹੈ ਕਿ ਜੋ 31 ਸਾਲ ਪਹਿਲਾਂ ਰਾਮ ਭਗਤਾਂ ’ਤੇ ਗੋਲੀਅਾਂ ਚਲਾ ਰਹੇ ਸਨ, ਉਹ ਅੱਜ ਰਾਮ ਭਗਤਾਂ ਦੀ ਤਾਕਤ ਦੇ ਸਾਹਮਣੇ ਝੁਕੇ ਹਨ।
ਅਯੁੱਧਿਅਾ ਵਿਚ ਪੰਜਵੇਂ ਦੀਪ ਉਤਸਵ ਸਮਾਰੋਹ ਦੌਰਾਨ ਸ਼੍ਰੀ ਅਾਦਿਤਿਅਾਨਾਥ ਨੇ ਸ਼ਾਨਦਾਰ ਤਿਅਾਰੀਅਾਂ ਨੂੰ ਦੇਖ ਕੇ ਕਿਹਾ ਕਿ ਅਗਲੀ ਕਾਰ ਸੇਵਾ ’ਤੇ ਭਗਵਾਨ ਸ਼੍ਰੀ ਰਾਮ ਅਤੇ ਭਗਵਾਨ ਕ੍ਰਿਸ਼ਨ ਦੇ ਭਗਤਾਂ ’ਤੇ ਗੋਲੀਅਾਂ ਦੀ ਨਹੀਂ ਸਗੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਅਾ ਕਿ ਉੱਤਰ ਪ੍ਰਦੇਸ਼ ਦੀਅਾਂ ਪਿਛਲੀਅਾਂ ਸਰਕਾਰਾਂ ‘ਕਬਰਸਤਾਨ’ ਦੀਅਾਂ ਹੱਦਾਂ ’ਤੇ ਪੈਸਾ ਖਰਚ ਕਰਦੀਅਾਂ ਸਨ ਪਰ ਹੁਣ ਮੰਦਰਾਂ ਦੀ ਪੁਨਰ ਵਿਕਾਸ ਅਤੇ ਸੁੰਦਰਤਾ ’ਤੇ ਪੈਸਾ ਖਰਚ ਕੀਤਾ ਜਾਂਦਾ ਹੈ।
ਇਸ ਸਮਾਰੋਹ ਨੂੰ ਦੇਖਣ ਤ੍ਰਿਨੀਦਾਦ ਅਤੇ ਟੋਬੈਗੋ, ਵਿਅਤਨਾਮ, ਕੀਨੀਅਾ ਦੇ ਰਾਜਦੂਤ ਤੋਂ ਇਲਾਵਾ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਅਾਨੰਦੀਬੇੇਨ ਪਟੇਲ ਵੀ ਹਾਜ਼ਰ ਸਨ। ਦੀਪ ਉਤਸਵ ਸਮਾਰੋਹ ਦੌਰਾਨ ਭਗਵਾਨ ਸ਼੍ਰੀ ਰਾਮ, ਲਕਸ਼ਮਣ ਅਤੇ ਸੀਤਾ ਦੇ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਦਾ ਯੋਗੀ ਅਾਦਿਤਿਅਾਨਾਥ ਨੇ ਰਾਜਤਿਲਕ ਕੀਤਾ। ਓਧਰ ਮੁੱਖ ਮੰਤਰੀ ਯੋਗੀ ਅਾਦਿਤਿਅਾਨਾਥ ਨੇ ਪ੍ਰਧਾਨ ਮੰਤਰੀ ਅੰਨ ਯੋਜਨਾ ਨੂੰ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਹੋਲੀ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ।