ਇੰਦਰਾ, ਰਾਜੀਵ ਦੇ ਕਾਤਲਾਂ ਤੋਂ ਲੈ ਕੇ ਅਫਜ਼ਲ ਗੁਰੂ ਤਕ, ਜੇਠਮਲਾਨੀ ਦੇ ਮਸ਼ਹੂਰ ਮੁਕੱਦਮੇ

Sunday, Sep 08, 2019 - 12:06 PM (IST)

ਇੰਦਰਾ, ਰਾਜੀਵ ਦੇ ਕਾਤਲਾਂ ਤੋਂ ਲੈ ਕੇ ਅਫਜ਼ਲ ਗੁਰੂ ਤਕ, ਜੇਠਮਲਾਨੀ ਦੇ ਮਸ਼ਹੂਰ ਮੁਕੱਦਮੇ

ਨਵੀਂ ਦਿੱਲੀ— ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਅੱਜ ਭਾਵ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਪਾਕਿਸਤਾਨ ਦੇ ਸਿੰਧ ਸੂਬੇ ਵਿਚ 14 ਸਤੰਬਰ 1923 ਨੂੰ ਜਨਮੇ ਰਾਮ ਜੇਠਮਲਾਨੀ ਆਜ਼ਾਦੀ ਤੋਂ ਬਾਅਦ ਭਾਰਤ ਆ ਗਏ ਸਨ। ਖਾਸ ਗੱਲ ਇਹ ਹੈ ਕਿ ਸਕੂਲੀ ਸਿੱਖਿਆ ਦੌਰਾਨ 2-2 ਜਮਾਤਾਂ ਇਕ ਸਾਲ 'ਚ ਪਾਸ ਕਰਨ ਕਾਰਨ ਉਨ੍ਹਾਂ ਨੇ 13 ਸਾਲ ਦੀ ਉਮਰ ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਨੇ 17 ਸਾਲ ਦੀ ਉਮਰ ਵਿਚ ਐੱਲ. ਐੱਲ. ਬੀ. ਦੀ ਡਿਗਰੀ ਹਾਸਲ ਕਰ ਲਈ ਸੀ। ਉਹ ਅਜਿਹੇ ਵਕੀਲਾਂ 'ਚ ਸ਼ੁਮਾਰ ਸਨ, ਜਿਨ੍ਹਾਂ ਦੇ ਹੱਥ 'ਚ ਕੇਸ ਲੈਣ ਦਾ ਕਰੀਬ-ਕਰੀਬ ਮਤਲਬ ਜਿੱਤਣਾ ਹੀ ਹੁੰਦਾ ਸੀ। ਜੇਠਮਲਾਨੀ ਵਿਵਾਦਪੂਰਨ ਮਾਮਲਿਆਂ ਵਿਚ ਕੇਸ ਲੜਨ ਲਈ ਜਾਣੇ ਜਾਂਦੇ ਸਨ। 
ਆਓ ਜਾਣਦੇ ਹਾਂ ਜੇਠਮਲਾਨੀ ਦੇ ਮਸ਼ਹੂਰ ਮੁਕੱਦਮਿਆਂ ਬਾਰੇ—
1. ਰਾਮ ਜੇਠਮਲਾਨੀ ਬਤੌਰ ਵਕੀਲ 1959 'ਚ ਕੇ. ਐੱਮ. ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਕੇਸ ਤੋਂ ਮਸ਼ਹੂਰ ਹੋਏ ਸਨ। ਜੇਠਮਲਾਨੀ ਨੇ ਇਕ ਕੇਸ ਯਸ਼ਵੰਤ ਵਿਸ਼ਣੂ ਚੰਦਰਚੂੜ ਨਾਲ ਲੜਿਆ ਸੀ। ਚੰਦਰਚੂੜ ਦੇਸ਼ ਦੇ ਚੀਫ ਜਸਟਿਸ ਵੀ ਬਣੇ।
2. ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀਆਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੀ ਪੈਰਵੀ ਲਈ ਇਕ ਵੀ ਵਕੀਲ ਸਾਹਮਣੇ ਨਹੀਂ ਆਇਆ ਤਾਂ ਰਾਮ ਜੇਠਮਲਾਨੀ ਨੇ ਉਨ੍ਹਾਂ ਵਲੋਂ ਕੇਸ ਲੜਿਆ ਸੀ।
3. ਉਨ੍ਹਾਂ ਨੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਵੀ. ਸ਼੍ਰੀਹਰਨ ਦੀ ਵੀ ਸੁਪਰੀਮ ਕੋਰਟ ਵਿਚ ਪੈਰਵੀ ਕੀਤੀ। ਸਾਲ 2015 'ਚ ਦਿੱਤੀ ਗਈ ਉਨ੍ਹਾਂ ਦੀ ਇਹ ਦਲੀਲ 'ਤੇ ਵਿਵਾਦ ਵੀ ਹੋਇਆ ਸੀ ਕਿ ਰਾਜੀਵ ਗਾਂਧੀ ਦਾ ਕਤਲ 'ਭਾਰਤ ਖਿਲਾਫ ਅਪਰਾਧ' ਨਹੀਂ ਹੈ। 21 ਮਈ 1991 ਨੂੰ ਤਾਮਿਲਨਾਡੂ ਵਿਚ ਚੇਨਈ ਦੇ ਨੇੜੇ ਸ਼੍ਰੀਪੇਰੂੰਬਦੂਰ 'ਚ ਹੋਏ ਆਤਮਘਾਤੀ ਬੰਬ ਹਮਲੇ ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਮੇਤ 19 ਲੋਕਾਂ ਦੀ ਜਾਨ ਚਲੀ ਗਈ ਸੀ।
4. ਸੋਹਰਾਬੁਦੀਨ ਐਨਕਾਊਂਟਰ ਮਾਮਲੇ ਵਿਚ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਅਦਾਲਤ 'ਚ ਹਾਜ਼ਰ ਹੋਏ ਸਨ। 
5. ਜੇਠਮਲਾਨੀ ਨੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਦਾ ਆਮਦਨੀ ਤੋਂ ਵਧ ਜਾਇਦਾਦ ਦੇ ਕੇਸ ਵੀ ਲੜਿਆ। ਜੈਲਲਿਤਾ 'ਤੇ ਕਮਾਈ ਦੇ ਗਿਆਨ ਸਰੋਤਾਂ ਤੋਂ 66.65 ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਦੋਸ਼ ਲੱਗਾ ਸੀ।
6. ਜੇਠਮਲਾਨੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ. ਕਰੁਣਾਨਿਧੀ ਦੀ ਪੁੱਤਰੀ ਅਤੇ ਸੰਸਦ ਮੈਂਬਰ ਕਨੀਮੋਝੀ ਦਾ ਕੇਸ ਲੜਿਆ। ਕਨੀਮੋਝੀ 'ਤੇ 2ਜੀ ਸਪੈਕਟ੍ਰਮ ਕੇਸ 'ਚ 214 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ। 
7. ਚਾਰਾ ਘਪਲੇ ਨਾਲ ਜੁੜੇ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਲਈ 2013 'ਚ ਪੈਰਵੀ ਕੀਤੀ ਸੀ।
8. ਜੇਠਮਲਾਨੀ ਨੇ ਹਵਾਲਾ ਡਾਇਰੀ ਕਾਂਡ 'ਚ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਵੀ ਪੈਰਵੀ ਕੀਤੀ ਸੀ। 
9. ਜੇਠਮਲਾਨੀ ਨੇ 2001 ਵਿਚ ਸੰਸਦ 'ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਦਾ ਮੁਕੱਦਮਾ ਵੀ ਲੜਿਆ ਸੀ।
10. ਵੱਡੇ ਕਾਰੋਬਾਰੀਆਂ 'ਚੋਂ ਇਕ ਸਹਾਰਾ ਮੁਖੀ ਸੁਬਰਤੋ ਰਾਏ ਸਹਾਰਾ ਲਈ ਵੀ ਸੁਪਰੀਮ ਕੋਰਟ ਵਿਚ ਪੈਰਵੀ ਕੀਤੀ ਸੀ। 
11. 1960 ਦੇ ਦਹਾਕੇ ਵਿਚ ਮੁੰਬਈ ਦੇ ਮਸ਼ਹੂਰ ਡਾਨ ਹਾਜੀ ਮਸਤਾਨ ਦੇ ਤਸਕਰੀ ਨਾਲ ਜੁੜੇ ਕਈ ਮੁਕੱਦਮਿਆਂ ਦੀ ਰਾਮ ਜੇਠਮਲਾਨੀ ਨੇ ਪੈਰਵੀ ਕੀਤੀ ਸੀ। 


author

Tanu

Content Editor

Related News