ਨਕਸਲੀਆਂ ਦੇ ਕਬਜ਼ੇ ਤੋਂ ਬਚ ਕੇ ਘਰ ਪਰਤੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ
Friday, Apr 16, 2021 - 08:05 PM (IST)
ਜੰਮੂ : ਛੱਤੀਸਗੜ੍ਹ ਦੇ ਸੁਕਮਾ ਤੋਂ ਨਕਸਲੀਆਂ ਦੇ ਕਬਜ਼ੇ ਤੋਂ ਛੁੜਾਏ ਗਏ ਸੀ.ਆਰ.ਪੀ.ਐੱਫ. ਦੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਮਨਹਾਸ ਸ਼ੁੱਕਰਵਾਰ ਨੂੰ ਜੰਮੂ ਪੁੱਜੇ। ਜੰਮੂ ਪੁੱਜਦੇ ਹੀ ਰਾਕੇਸ਼ਵਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੀਡੀਆ ਅਤੇ ਸਰਕਾਰ ਦਾ ਧੰਨਵਾਦ ਕੀਤਾ। 3 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਸੁਕਮਾ ਵਿੱਚ ਨਕਸਲੀਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਰਾਕੇਸ਼ਵਰ ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ।
ਜੰਮੂ ਏਅਰਪੋਰਟ 'ਤੇ ਲੈਂਡ ਹੋਣ ਤੋਂ ਬਾਅਦ ਉਹ ਸਿੱਧਾ ਜੰਮੂ ਦੇ ਇੱਕ ਹੋਟਲ ਵਿੱਚ ਪੁੱਜੇ ਜਿੱਥੇ ਪੁਲਸ, ਸੀ.ਆਰ.ਪੀ.ਐੱਫ. ਸਮੇਤ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦਾ ਤਾਂਤਾ ਲੱਗਾ ਰਿਹਾ। ਇਹ ਸਾਰੇ ਲੋਕ ਇੱਥੇ ਰਾਕੇਸ਼ਵਰ ਨੂੰ ਵਧਾਈ ਦੇਣ ਪੁੱਜੇ ਸਨ।
ਜੰਮੂ ਪਹੁੰਚ ਕੇ ਰਾਕੇਸ਼ਵਰ ਸਿੰਘ ਨੇ ਕਿਹਾ ਕਿ ਨਕਸਲੀਆਂ ਦੇ ਕਬਜ਼ੇ ਵਿੱਚ ਰਹਿਣ ਦੌਰਾਨ ਵੀ ਉਨ੍ਹਾਂ ਨੇ ਕਦੇ ਹਿੰਮਤ ਅਤੇ ਆਸ ਨਹੀਂ ਛੱਡੀ ਸੀ। ਉਨ੍ਹਾਂ ਕਿਹਾ ਕਿ ਅੱਜ ਆਪਣੇ ਘਰ ਵਾਪਸ ਆ ਕੇ ਉਨ੍ਹਾਂ ਨੂੰ ਵਧੀਆ ਲੱਗ ਰਿਹਾ ਹੈ। ਰਾਕੇਸ਼ਵਰ ਨੇ ਮੀਡੀਆ ਅਤੇ ਸਰਕਾਰ ਦਾ ਧੰਨਵਾਦ ਕੀਤਾ। ਉਥੇ ਹੀ, ਉਨ੍ਹਾਂ ਦੀ ਪਤਨੀ ਮੀਨੂੰ ਮਨਹਾਸ ਨੇ ਵੀ ਮੀਡੀਆ ਅਤੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਰਾਕੇਸ਼ਵਰ ਨੂੰ ਨਹੀਂ ਮਿਲੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਸਿਰਫ ਉਨ੍ਹਾਂ ਦਾ ਹਾਲ ਚਾਲ ਜਾਣਿਆ ਹੈ।
ਜ਼ਿਕਰਯੋਗ ਹੈ ਕਿ 3 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ 'ਤੇ ਹਮਲਾ ਕਰ ਨਕਸਲੀਆਂ ਨੇ ਰਾਕੇਸ਼ਵਰ ਸਿੰਘ ਮਨਹਾਸ ਨੂੰ ਬੰਧਕ ਬਣਾ ਲਿਆ ਸੀ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ ਜਦੋਂ ਕਿ 31 ਹੋਰ ਜਵਾਨ ਜ਼ਖ਼ਮੀ ਹੋ ਗਏ। ਸ਼ਹੀਦ ਜਵਾਨਾਂ ਵਿੱਚ CRPF ਦੇ ਕੋਬਰਾ ਬਟਾਲੀਅਨ ਦੇ 7 ਜਵਾਨ, CRPF ਦੇ ਬਸਤਰਿਆ ਬਟਾਲੀਅਨ ਦਾ 1 ਜਵਾਨ, ਡੀ.ਆਰ.ਜੀ. ਦੇ 8 ਜਵਾਨ ਅਤੇ ਐੱਸ.ਟੀ.ਐੱਫ ਦੇ 6 ਜਵਾਨ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।