ਰਾਕੇਸ਼ ਟਿਕੈਤ ਨੇ ਦਿੱਤਾ ‘ਸਵਦੇਸ਼ੀ ਅਪਣਾਓ’ ਦਾ ਨਾਅਰਾ, ਕਿਸਾਨਾਂ ਲਈ ਖ਼ੁਦ ਕੱਢੀ ਗੰਨੇ ਦੀ ਰਓ
Monday, Feb 22, 2021 - 09:39 AM (IST)
ਗਾਜ਼ੀਆਬਾਦ- ਖੇਤੀਬਾੜੀ ਕਾਨੂੰਨਾਂ ਖਿਲਾਫ਼ ਚੱਲ ਰਹੇ ਪ੍ਰਦਰਸ਼ਨ ਵਿਚ ਐਤਵਾਰ ਨੂੰ ਗਾਜ਼ੀਪੁਰ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ‘ਸਵਦੇਸ਼ੀ ਅਪਣਾਓ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੰਪਨੀਆਂ ਦੇ ਚੁੰਗਲ ’ਚੋਂ ਕੱਢਣ ਦਾ ਸਮਾਂ ਆ ਗਿਆ ਹੈ, ਇਸ ਲਈ ਸਾਰਿਆਂ ਨੂੰ ‘ਸਵਦੇਸ਼ੀ ਅਪਨਾਉਣਾ’ ਚਾਹੀਦਾ ਹੈ, ਜਿਸ ਨਾਲ ਕਿਸਾਨ ਮਜ਼ਬੂਤ ਹੋਵੇ। ਯੂ. ਪੀ. ਗੇਟ ’ਤੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਸੂਤ ਕੱਤ ਕੇ ਅਤੇ ਕੋਹਲੂ ਚਲਾ ਕੇ ਸਵਦੇਸ਼ੀ ਦਾ ਸੁਨੇਹਾ ਦਿੱਤਾ।ਕਿਸਾਨਾਂ ਨੇ ਲਾਇਆ ਕੋਹਲੂ
ਗਾਜ਼ੀਪੁਰ ਬਾਰਡਰ ’ਤੇ ਐਤਵਾਰ ਨੂੰ ਕਿਸਾਨਾਂ ਨੇ ਕੋਹਲੂ ਲਾ ਦਿੱਤਾ। ਰਾਕੇਸ਼ ਟਿਕੈਤ ਨੇ ਕੋਹਲੂ ਚਲਾ ਕੇ ਕਿਸਾਨਾਂ ਲਈ ਗੰਨੇ ਦਾ ਰਸ ਕੱਢਿਆ। ਉਨ੍ਹਾਂ ਦੱਸਿਆ ਕਿ 1995 ਵਿਚ ਹੋਏ ਅੰਦੋਲਨ ਦੌਰਾਨ ਵੀ ਕੋਹਲੂ ਦਿੱਲੀ ’ਚ ਲਾਇਆ ਗਿਆ ਸੀ, ਹੁਣ ਇਹ ਦੂਜੀ ਵਾਰ ਅੰਦੋਲਨ ਦੌਰਾਨ ਕੋਲੂ ਲਾਇਆ ਗਿਆ ਹੈ। ਮਤਲਬ ਇਤਿਹਾਸ ਫਿਰ ਤੋਂ ਆਪਣੇ ਆਪ ਨੂੰ ਦੁਹਰਾ ਰਿਹਾ ਹੈ।
ਰੋਹਤਕ ਤੋਂ ਆਈਆਂ ਔਰਤਾਂ
ਹਰਿਆਣੇ ਦੇ ਰੋਹਤਕ ਜ਼ਿਲੇ ਦੇ ਰਿਠਾਲ ਪਿੰਡ ਤੋਂ ਅੰਦੋਲਨ ਵਾਲੀ ਥਾਂ ’ਤੇ ਦੋ ਦਰਜਨ ਤੋਂ ਜ਼ਿਆਦਾ ਔਰਤਾਂ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੀਡੀਆ ਸਾਹਮਣੇ ਸਾਰੀਆਂ ਔਰਤਾਂ ਨੇ ਸਰਕਾਰ ਪ੍ਰਤੀ ਸਖਤ ਰੋਸ ਜਤਾਉਂਦੇ ਹੋਏ ਕਿਹਾ ਕਿ ਜਦੋਂ ਤਕ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਹੋਣਗੇ, ਉਹ ਪਿੱਛੇ ਹਟਣ ਵਾਲੀਆਂ ਨਹੀਂ ਹਨ। ਉਨ੍ਹਾਂ ਨੇ ਰਾਕੇਸ਼ ਟਿਕੈਤ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਇਕ ਆਵਾਜ਼ ’ਤੇ ਹਰਿਆਣਾ ਦੀਆਂ ਔਰਤਾਂ ਗਾਜ਼ੀਪੁਰ ਬਾਰਡਰ ਹੀ ਨਹੀਂ, ਜਿੱਥੇ ਉਹ ਕਹਿਣਗੇ, ਉੱਥੇ ਪਹੁੰਚ ਜਾਣਗੀਆਂ।
ਟਿਕੈਤ ਨੇ ਗੁਜਰਾਤ ਤੋਂ ਆਏ ਚਰਖੇ ਨਾਲ ਕੱਤਿਆ ਸੂਤ
ਗੁਜਰਾਤ ਦੇ ਗਾਂਧੀਧਾਮ ਅਤੇ ਮਹਾਰਾਸ਼ਟਰ ਦੇ ਕੁਝ ਜਵਾਨ ਐਤਵਾਰ ਨੂੰ ਚਰਖਾ ਲੈ ਕੇ ਪੁੱਜੇ। ਉਨ੍ਹਾਂ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਚਰਖਾ ਚਲਾ ਕੇ ਸੂਤ ਵੀ ਕੱਤਿਆ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਦੇਸ਼ ਲਈ ਸੂਤ ਕੱਤਿਆ ਅਤੇ ਪਿੰਡਾਂ ਦੀਆਂ ਔਰਤਾਂ ਘਰ-ਘਰ ’ਚ ਸੂਤ ਕੱਤਦੀਆਂ ਸੀ। ਕੱਪੜੇ ਦਾ ਕੰਮ ਪਿੰਡ ਵਿਚ ਹੁੰਦਾ ਸੀ, ਬਾਜ਼ਾਰ ’ਤੇ ਨਿਰਭਰ ਨਹੀਂ ਸਨ, ਸਵਦੇਸ਼ੀ ਦੀ ਪਰੰਪਰਾ ਇਸ ਨਾਲ ਮਾਪੀ ਜਾਂਦੀ ਸੀ । ਅਸੀਂ ਵਾਪਸ ਇਸ ਪਰੰਪਰਾ ਨੂੰ ਜਿਊਂਦਾ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਹੁਣ ਗੁਜਰਾਤ ਨੂੰ ਵੀ ਕਾਰਪੋਰੇਟਸ ਤੋਂ ਆਜ਼ਾਦ ਕਰਾਉਣ ਦਾ ਵੇਲਾ ਆ ਗਿਆ ਹੈ।