ਕਿਸਾਨੀ ਮੁੱਦੇ ’ਤੇ ਰਾਜ ਸਭਾ ’ਚ ਹੰਗਾਮਾ, ਬੈਠਕ ਪੂਰੇ ਦਿਨ ਲਈ ਮੁਲਤਵੀ

Tuesday, Feb 02, 2021 - 12:12 PM (IST)

ਨਵੀਂ ਦਿੱਲੀ— ਰਾਜ ਸਭਾ ਵਿਚ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਸਦਨ ’ਚ ਤੁਰੰਤ ਚਰਚਾ ਕਰਾਉਣ ਦੀ ਮੰਗ ਕਰਦੇ ਹੋਏ ਹੰਗਾਮਾ ਕੀਤਾ, ਜਿਸ ਦੀ ਵਜ੍ਹਾ ਕਰ ਕੇ ਬੈਠਕ 3 ਵਾਰ ਮੁਲਵਤੀ ਕਰਨ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। 

ਦੱਸ ਦੇਈਏ ਕਿ ਰਾਜ ਸਭਾ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ, ਜਿਸ ਕਾਰਨ ਪਹਿਲੀ ਵਾਰ ਸਦਨ ਦੀ ਕਾਰਵਾਈ ਸਾਢੇ 10 ਵਜੇ ਅਤੇ ਮੁੜ ਕਾਰਵਾਈ ਸ਼ੁਰੂ ਹੋਣ ’ਤੇ ਸਾਢੇ 11 ਵਜੇ ਅਤੇ ਇਸ ਤੋਂ ਬਾਅਦ 12.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਦੌਰਾਨ ਸਦਨ ਵਿਚਾਲੇ ਆ ਕੇ ਭਾਰੀ ਰੌਲਾ-ਰੱਪਾ ਪਾਇਆ ਅਤੇ ਨਾਅਰੇਬਾਜ਼ੀ ਕੀਤੀ। ਪਹਿਲੀ ਵਾਰ ਚੇਅਰਮੈਨ ਐਮ. ਵੈਂਕਈਆ ਨਾਇਡੂ ਅਤੇ ਦੂਜੀ ਵਾਰ ਅਤੇ ਤੀਜੀ ਵਾਰ ਡਿਪਟੀ ਚੇਅਰਮੈਨ ਹਰੀਵੰਸ਼ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।

ਹੰਗਾਮੇ ਦੌਰਾਨ ਮੈਂਬਰਾਂ ਨੂੰ ਬਾਰ-ਬਾਰ ਆਪਣੀ ਸੀਟ ’ਤੇ ਜਾਣ ਦੀ ਬੇਨਤੀ ਕੀਤੀ ਗਈ ਅਤੇ ਕੱਲ੍ਹ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦੀ ਅਪੀਲ ਕੀਤਾ ਗਈ। ਇਸ ਤੋਂ ਪਹਿਲਾਂ ਨਾਇਡੂ ਦੇੇ ਇਸ ਮਾਮਲੇ ’ਤੇ ਆਗਿਆ ਨਾ ਦੇਣ ’ਤੇ ਵਿਰੋਧੀ ਧਿਰ ਦੇ ਮੈਂਬਰ ਵਾਕ-ਆਊਟ ਕਰ ਗਏ। ਇਸ ਤੋਂ ਬਾਅਦ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਸਦਨ ਵਿਚ ਆ ਗਏ ਅਤੇ ਹੰਗਾਮਾ ਕਰਨ ਲੱਗੇ। ਨਾਇਡੂ ਨੇ ਕਿਹਾ ਕਿ ਪ੍ਰਸ਼ਨਕਾਲ ਦੌਰਾਨ ਸਦਨ ਨੂੰ ਸੁਚਾਰੂ ਰੂਪ ਨਾਲ ਚੱਲਣ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਸਹਿਯੋਗ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਕੱਲ੍ਹ ਸਦਨ ’ਚ ਇਸ ਮੁੱਦੇ ਨੂੰ ਚੁੱਕ ਸਕਦੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਮਹੀਨੇ ਦੋ ਮਹੀਨੇ ਤੋਂ ਵਧ ਸਮੇਂ ਤੋਂ ਧਰਨੇ ’ਤੇ ਬੈਠੇ ਹੋਏ ਹਨ ਅਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਅੜੇ ਹੋਏ ਹਨ।


Tanu

Content Editor

Related News