ਰਾਜ ਸਭਾ ਦੀ ਬੈਠਕ ਅੱਜ ਹੋਵੇਗੀ ਮੁਲਤਵੀ, ਜਲਦ ਆਏਗਾ ''ਮਹੱਤਵਪੂਰਨ ਬਿੱਲ'' : ਕਿਰਨ ਰਿਜਿਜੂ
Thursday, Apr 02, 2026 - 03:29 PM (IST)
ਨਵੀਂ ਦਿੱਲੀ- ਸੰਸਦ 'ਚ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਨ ਲਈ ਲੋਕ ਸਭਾ 'ਚ ਸੀਟਾਂ ਵਧਾਉਣ ਦੇ ਮਕਸਦ ਨਾਲ ਇਕ ਬਿੱਲ ਲਿਆਉਣ ਦੇ ਸੰਕੇਤਾਂ ਵਿਚਾਲੇ, ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਦਨ ਦੀ ਬੈਠਕ ਅੱਜ ਮੁਲਤਵੀ ਹੋਵੇਗੀ ਅਤੇ ਜਲਦ ਹੀ 'ਬਹੁਤ ਮਹੱਤਵਪੂਰਨ' ਬਿੱਲ ਲਈ ਮੁੜ ਬੈਠਕ ਹੋਵੇਗੀ। ਉੱਚ ਸਦਨ 'ਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸਰਕਾਰ ਦੀ ਯੋਜਨਾ ਬਾਰੇ ਸਵਾਲ ਕੀਤਾ ਸੀ। ਇਸ ਦੇ ਜਵਾਬ 'ਚ ਰਿਜਿਜੂ ਨੇ ਕਿਹਾ ਕਿ ਰਾਜ ਸਭਾ 'ਚ ਅੱਜ ਆਂਧਰਾ ਪ੍ਰਦੇਸ਼ ਪੁਨਰਗਠਨ (ਸੋਧ) ਬਿੱਲ ਅਤੇ ਜਨ ਵਿਸ਼ਵਾਸ (ਧਾਰਾ ਸੋਧ) ਬਿੱਲ ਨੂੰ ਪਾਸ ਕਰਨ ਲਈ ਲਿਆਂਦਾ ਜਾਵੇਗਾ। ਸੰਸਦ ਦੇ ਬਜਟ ਸੈਸ਼ਨ ਦੇ ਤੈਅ ਪ੍ਰੋਗਰਾਮ ਅਨੁਸਾਰ, ਬਜਟ ਸੈਸ਼ਨ ਦੇ ਦੂਜੇ ਪੜਾਅ ਦਾ ਅੱਜ ਅੰਤਿਮ ਦਿਨ ਹੈ। ਉਨ੍ਹਾਂ ਕਿਹਾ,''ਸਾਡੇ ਕੋਲ ਕੁਝ ਮਹੱਤਵਪੂਰਨ ਮੁੱਦੇ ਹਨ, ਇਹ ਵਿਰੋਧੀ ਧਿਰ ਦੇ ਨਾਲ ਵੀ ਸਾਂਝਾ ਕੀਤਾ ਗਿਆ ਹੈ। ਅਗਲੇ 2-3 ਹਫ਼ਤਿਆਂ 'ਚ ਅਸੀਂ ਇਕ ਬਹੁਤ ਮਹੱਤਵਪੂਰਨ ਬਿੱਲ ਲਿਆਉਣ ਵਾਲੇ ਹਾਂ। ਅੱਜ ਸਰਕਾਰ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ ਰੱਖੇਗੀ ਅਤੇ ਅਸੀਂ ਜਲਦ ਹੀ ਮੁੜ ਮਿਲਾਂਗੇ, ਮਕਸਦ ਮੈਂਬਰਾਂ ਨੂੰ ਪਤਾ ਹੈ।''
ਸਰਕਾਰ ਔਰਤਾਂ ਦੇ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਲਈ ਅਤੇ ਲੋਕ ਸਭਾ ਦੀਆਂ ਸੀਟਾਂ ਨੂੰ 546 ਤੋਂ ਵਧਾ ਕੇ 861 ਕਰਨ ਦੇ ਮਕਸਦ ਨਾਲ ਜਨਗਣਨਾ ਨਾਲ ਸੰਬੰਧਤ ਹੱਦਬੰਦੀ ਨੂੰ ਵੱਖ ਕਰਨ ਲਈ 2 ਬਿੱਲ ਲਿਆਉਣ ਦੀ ਖ਼ਾਤਰ ਵਿਰੋਧੀ ਧਿਰ ਨਾਲ ਗੱਲਬਾਤ ਕਰ ਰਹੀ ਹੈ। ਕਾਂਗਰਸ ਦੇ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਸਰਬ-ਪਾਰਟੀ ਬੈਠਕ ਬੁਲਾਏਗੀ ਅਤੇ ਵਿਰੋਧੀ ਧਿਰ ਦੀ ਮੰਗ ਹੈ ਕਿ ਇਹ ਬੈਠਕ 29 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਬੁਲਾਈ ਜਾਵੇ। ਇਸ 'ਤੇ ਰਿਜਿਜੂ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਔਰਤਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਪਾਬੰਦ ਹੈ। ਉੱਚ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਔਰਤਾਂ ਲਈ ਰਾਖਵਾਂਕਰਨ ਦੇ ਪੱਖ 'ਚ ਹੈ ਪਰ ਪ੍ਰਸਤਾਵਿਤ ਬਿੱਲ ਮਹੱਤਵਪੂਰਨ ਹੈ ਅਤੇ ਇਨ੍ਹਾਂ ਦੇ ਲੰਬੇ ਸਮੇਂ ਦੇ ਨਤੀਜੇ ਹੋਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਚੋਣਾਂ ਦੇ ਸਮੇਂ ਬਿੱਲ ਲਿਆ ਕੇ ਰਾਜਨੀਤੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਜਿਜੂ ਨੇ ਇਸ ਦੋਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਰਾਜਦ ਦੇ ਮਨੋਜ ਕੁਮਾਰ ਝਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ 'ਕੋਟੇ ਦੇ ਅੰਦਰ ਕੋਟੇ ਦੀ' ਮੰਗ ਬਰਕਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
