ਰਾਜ ਸਭਾ ਦੀ ਬੈਠਕ ਦਿਨ ਭਰ ਲਈ ਮੁਲਤਵੀ, ਆਸ਼ਾ ਭੋਸਲੇ ਅਤੇ ਮੋਹਸਿਨਾ ਕਿਦਵਈ ਨੂੰ ਦਿੱਤੀ ਗਈ ਸ਼ਰਧਾਂਜਲੀ
Thursday, Apr 16, 2026 - 12:52 PM (IST)
ਨਵੀਂ ਦਿੱਲੀ- ਰਾਜ ਸਭਾ ਦੀ ਬੈਠਕ ਵੀਰਵਾਰ ਨੂੰ ਨਵੇਂ ਚੁਣੇ ਮੈਂਬਰਾਂ ਦੇ ਸਹੁੰ ਚੁੱਕਣ ਅਤੇ ਮਰਹੂਮ ਮੈਂਬਰ ਮੋਹਸਿਨਾ ਕਿਦਵਈ ਅਤੇ ਪ੍ਰਸਿੱਧ ਪਲੇਬੈਕ ਗਾਇਕ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਉੱਚ ਸਦਨ 'ਚ ਅੱਜ ਕੋਈ ਵਿਧਾਨਕ ਕੰਮ ਨਹੀਂ ਹੋਇਆ। ਬੈਠਕ ਸ਼ੁਰੂ ਹੋਣ 'ਤੇ ਨਵੇਂ ਚੁਣੇ ਮੈਂਬਰਾਂ ਨੇ ਉੱਚ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਸਦਨ ਨੇ ਆਸ਼ਾ ਭੋਸਲੇ ਅਤੇ ਸੀਨੀਅਰ ਕਾਂਗਰਸ, ਸਾਬਕਾ ਕੇਂਦਰੀ ਮੰਤਰੀ ਅਤੇ ਉੱਚ ਸਦਨ ਦੀ ਸਾਬਕਾ ਮੈਂਬਰ ਮੋਹਸਿਨਾ ਕਿਦਵਈ ਨੂੰ ਸ਼ਰਧਾਂਜਲੀ ਦਿੱਤੀ। ਆਸ਼ਾ ਭੋਸਲੇ ਦਾ 12 ਅਪ੍ਰੈਲ ਨੂੰ ਮੁੰਬਈ 'ਚ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮੋਹਸਿਨਾ ਨੇ 8 ਅਪ੍ਰੈਲ ਨੂੰ 94 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ।
ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਭਾਰਤ ਦੀ ਹਾਲੀਆ ਤਰੱਕੀ ਨੂੰ ਰੇਖਾਂਕਿਤ ਕਰਦੇ ਹੋਏ ਤਾਮਿਲਨਾਡੂ ਦੇ ਕਲਪਕਮ 'ਚ ਹਾਸਲ ਇਤਿਹਾਸਕ ਉਪਲੱਬਧੀ ਦਾ ਜ਼ਿਕਰ ਕੀਤਾ। ਸਪੀਕਰ ਨੇ ਕਿਹਾ ਕਿ 6 ਅਪ੍ਰੈਲ 2026 ਨੂੰ ਤਾਮਿਲਨਾਡੂ ਦੇ ਕਲਪਕਮ 'ਚ 500 ਮੈਗਾਵਾਟ ਦੇ ਸਵਦੇਸ਼ੀ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਨੇ ਸਫਲਤਾਪੂਰਵਕ ਆਪਣੀ ਪਹਿਲੀ 'ਕ੍ਰਿਟਿਕੈਲਿਟੀ' ਹਾਸਲ ਕਰ ਲਈ। ਉਨ੍ਹਾਂ ਨੇ ਇਸ ਨੂੰ ਇਤਿਹਾਸਕ ਉਪਲੱਬਧੀ ਦੱਸਦੇ ਹੋਏ ਕਿਹਾ ਕਿ ਇਹ ਭਾਰਤ ਦੀ ਲੰਬੇ ਸਮੇਂ ਦੀ ਊਰਜਾ ਸੁਰੱਖਿਆ ਵੱਲ ਇਕ ਮਹੱਤਵਪੂਰਨ ਕਦਮ ਹੈ ਅਤੇ ਸਵਦੇਸ਼ੀ ਪਰਮਾਣੂ ਤਕਨਾਲੋਜੀ ਸਮਰੱਥਾ ਨੂੰ ਅੱਗੇ ਵਧਾਉਂਦਾ ਹੈ। ਰਾਧਾਕ੍ਰਿਸ਼ਨਨ ਨੇ ਕਿਹਾ ਕਿ ਇਸ ਉਪਲੱਬਧੀ ਨਾਲ ਭਾਰਤ ਆਪਣੇ ਤਿੰਨ-ਪੜਾਅ ਪਰਮਾਣੂ ਊਰਜਾ ਪ੍ਰੋਗਰਾਮ ਦੇ ਦੂਜੇ ਪੜਾਅ 'ਚ ਅਧਿਕਾਰਤ ਤੌਰ 'ਤੇ ਪ੍ਰਵੇਸ਼ ਕਰ ਚੁੱਕਿਆ ਹੈ। ਇਸ ਤੋਂ ਬਾਅਦ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ 'ਤੇ ਰਖਵਾਏ ਅਤੇ ਫਿਰ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
