ਰਾਜ ਸਭਾ ਚੋਣਾਂ : ਟੀ. ਐੱਮ. ਸੀ. ਨੇ ਐਲਾਨੇ ਉਮੀਦਵਾਰ, ਜੈਸ਼ੰਕਰ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

07/11/2023 12:29:05 PM

ਕੋਲਕਾਤਾ/ਨਵੀਂ ਦਿੱਲੀ, (ਏਜੰਸੀ)- ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਪੱਛਮੀ ਬੰਗਾਲ ’ਚ ਰਾਜ ਸਭਾ ਦੀਆਂ 6 ਸੀਟਾਂ ਲਈ ਇਸ ਮਹੀਨੇ ਹੋਣ ਵਾਲੀ ਚੋਣ ਵਾਸਤੇ ਸੋਮਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਨ੍ਹਾਂ ਉਮੀਦਵਾਰਾਂ ’ਚ ਡੇਰੇਕ ਓ’ ਬਰਾਇਨ, ਸੁਖੇਂਦੂ ਸ਼ੇਖਰ ਰਾਏ ਅਤੇ ਡੋਲਾ ਸੇਨ ਸ਼ਾਮਲ ਹਨ।

ਓ’ਬਰਾਇਨ 2011 ਤੋਂ ਰਾਜ ਸਭਾ ਮੈਂਬਰ ਹਨ ਅਤੇ ਉੱਚ ਸਦਨ ’ਚ ਪਾਰਟੀ ਦੇ ਨੇਤਾ ਹਨ, ਜਦੋਂ ਕਿ 2012 ’ਚ ਪਹਿਲੀ ਵਾਰ ਉੱਚ ਸਦਨ ’ਚ ਆਏ ਰਾਏ ਪਾਰਟੀ ਦੇ ਡਿਪਟੀ ਚੀਫ਼ ਵ੍ਹਿਪ ਹਨ। ਸੀਨੀਅਰ ਨੇਤਾ ਡੋਲਾ ਸੇਨ 2017 ’ਚ ਸੰਸਦ ਮੈਂਬਰ ਬਣੀ। ਜਿਨ੍ਹਾਂ ਲੋਕਾਂ ਨੂੰ ਪਹਿਲੀ ਵਾਰ ਰਾਜ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ, ਉਨ੍ਹਾਂ ’ਚ ਬਾਂਗਲਾ ਸੰਸਕ੍ਰਿਤੀ ਮੰਚ ਦੇ ਪ੍ਰਧਾਨ ਸਮੀਰੁਲ ਇਸਲਾਮ, ਟੀ. ਐੱਮ. ਸੀ. ਦੇ ਅਲੀਪੁਰਦਵਾਰ ਜ਼ਿਲੇ ਦੇ ਪ੍ਰਧਾਨ ਪ੍ਰਕਾਸ਼ ਚਿਕ ਬੜਾਇਕ ਅਤੇ ਆਰ. ਟੀ. ਆਈ. ਐਕਟੀਵਿਸਟ ਤੇ ਟੀ. ਐੱਮ. ਸੀ. ਬੁਲਾਰੇ ਸਾਕੇਤ ਗੋਖਲੇ ਸ਼ਾਮਲ ਹਨ।

ਓ’ਬਰਾਇਨ, ਰਾਏ ਅਤੇ ਸੇਨ ਤੋਂ ਇਲਾਵਾ ਕਾਂਗਰਸ ਮੈਂਬਰ ਪ੍ਰਦੀਪ ਭੱਟਾਚਾਰਿਆ, ਟੀ. ਐੱਮ. ਸੀ. ਦੀ ਆਸਾਮ ਦੇ ਨੇਤਾ ਸੁਸ਼ਮਿਤਾ ਦੇਵ ਅਤੇ ਸ਼ਾਂਤਾ ਛੇਤਰੀ ਦਾ ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ, ਜਿਸ ਕਾਰਨ ਇਹ 6 ਸੀਟਾਂ ਖਾਲੀ ਹੋਈਆਂ ਹਨ।

ਜੈਸ਼ੰਕਰ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗੁਜਰਾਤ ਤੋਂ ਰਾਜ ਸਭਾ ਦੀ ਸੀਟ ਲਈ ਹੋਣ ਵਾਲੀ ਚੋਣ ਲਈ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਜੈਸ਼ੰਕਰ ਨੇ ਸੰਸਦ ਦੇ ਉੱਚ ਸਦਨ ’ਚ ਸੂਬੇ ਦੀ ਨੁਮਾਇੰਦਗੀ ਕਰਨ ਦਾ ਇਕ ਹੋਰ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੀ ਲੀਡਰਸ਼ਿਪ ਅਤੇ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀ. ਆਰ. ਪਾਟਿਲ ਵੀ ਜੈਸ਼ੰਕਰ ਦੇ ਨਾਲ ਸੂਬਾ ਵਿਧਾਨ ਸਭਾ ਕੰਪਲੈਕਸ ਪੁੱਜੇ, ਜਿੱਥੇ ਉਨ੍ਹਾਂ ਨੇ ਚੋਣ ਅਧਿਕਾਰੀ ਰੀਤਾ ਮਹਿਤਾ ਨੂੰ ਨਾਮਜ਼ਦਗੀ ਪੱਤਰ ਸੌਂਪਿਆ।


Rakesh

Content Editor

Related News