ਰਾਜ ਸਭਾ ਦੇ ਮਰਹੂਮ ਮੈਂਬਰ ਅਮਰ ਸਿੰਘ ਦਾ ਦਿੱਲੀ 'ਚ ਹੋਇਆ ਅੰਤਿਮ ਸੰਸਕਾਰ

Monday, Aug 03, 2020 - 01:12 PM (IST)

ਰਾਜ ਸਭਾ ਦੇ ਮਰਹੂਮ ਮੈਂਬਰ ਅਮਰ ਸਿੰਘ ਦਾ ਦਿੱਲੀ 'ਚ ਹੋਇਆ ਅੰਤਿਮ ਸੰਸਕਾਰ

ਨਵੀਂ ਦਿੱਲੀ- ਰਾਜ ਸਭਾ ਮੈਂਬਰ ਅਮਰ ਸਿੰਘ ਦਾ ਸੋਮਵਾਰ ਨੂੰ ਦਿੱਲੀ ਦੇ ਛੱਤਰਪੁਰ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 2 ਦਿਨ ਪਹਿਲਾਂ ਉਨ੍ਹਾਂ ਦੀ ਸਿੰਗਾਪੁਰ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਅੰਤਿਮ ਸੰਸਕਾਰ ਸਵੇਰੇ 11.30 ਵਜੇ ਹੋਇਆ ਅਤੇ ਉਨ੍ਹਾਂ ਦੀਆਂ ਦੋਹਾਂ ਧੀਆਂ ਨੇ ਚਿਖ਼ਾ ਨੂੰ ਅਗਨੀ ਦਿੱਤੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਨਿਯਮਾਂ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਸੀਮਿਤ ਲੋਕਾਂ ਦੀ ਹਾਜ਼ਰੀ 'ਚ ਹੋਇਆ। ਇਸ ਮੌਕੇ ਅਭਿਨੇਤਰੀ ਤੋਂ ਰਾਜਨੇਤਾ ਬਣੀ ਜਯਾ ਪ੍ਰਦਾ ਵੀ ਮੌਜੂਦ ਰਹੀ, ਜੋ ਉਨ੍ਹਾਂ ਨੂੰ ਆਪਣਾ ਗੌਡ ਫਾਦਰ ਮੰਨਦੀ ਹੈ।

ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਜ ਸਭਾ ਮੈਂਬਰ ਜਿਓਤਿਰਾਦਿਤਿਆ ਸਿੰਧੀਆ ਅਤੇ ਜਯਾ ਪ੍ਰਦਾ ਉਨ੍ਹਾਂ ਲੋਕਾਂ 'ਚ ਸ਼ਾਮਲ ਰਹੇ, ਜਿਨ੍ਹਾਂ ਨੇ ਸਾਬਕਾ ਸਮਾਜਵਾਦੀ ਪਾਰਟੀ ਨੇਤਾ ਦੇ ਛਤਰਪੁਰ ਘਰ ਜਾ ਕੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਿੰਘ ਦੀ ਪਤਨੀ ਪੰਕਜਾ ਸਿੰਘ ਅਤੇ ਦੋਵੇਂ ਧੀਆਂ ਮੌਜੂਦ ਰਹੀਆਂ। ਅਮਰ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਸ਼ਾਮ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦੀ ਗਈ ਸੀ। ਦੱਸਣਯੋਗ ਹੈ ਕਿ 64 ਸਾਲਾ ਅਮਰ ਸਿੰਘ ਦਾ ਪਿਛਲੇ 6 ਮਹੀਨਿਆਂ ਤੋਂ ਸਿੰਗਾਪੁਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਅਤੇ ਸਾਲ 2013 'ਚ ਉਨ੍ਹਾਂ ਦੇ ਗੁਰਦੇ ਦਾ ਟਰਾਂਸਪਲਾਂਟ ਵੀ ਹੋਇਆ ਸੀ।


author

DIsha

Content Editor

Related News