ਭਾਰਤ-ਜਾਪਾਨ ਵਿਚਕਾਰ ਵਧੇਗੀ ਰੱਖਿਆ ਉਪਕਰਨ ਤੇ ਤਕਨੀਕੀ ਸਹਿਯੋਗ ’ਚ ਸਾਂਝੇਦਾਰੀ
Friday, Sep 09, 2022 - 03:00 PM (IST)
ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਉਪਕਰਨ ਅਤੇ ਤਕਨੀਕੀ ਸਹਿਯੋਗ ’ਚ ਭਾਰਤ-ਜਾਪਾਨ ਭਾਈਵਾਲੀ ਦਾ ਵਿਸਤਾਰ ਕਰਨ ਦੀ ਲੋੜ ’ਤੇ ਵੀਰਵਾਰ ਨੂੰ ਜ਼ੋਰ ਦਿੱਤਾ ਅਤੇ ਜਾਪਾਨੀ ਕੰਪਨੀਆਂ ਨੂੰ ਭਾਰਤ ਦੇ ਰੱਖਿਆ ਗਲਿਆਰੇ ’ਚ ਨਿਵੇਸ਼ ਲਈ ਸੱਦਿਆ। ਟੋਕਿਓ ’ਚ ਰਾਜਨਾਥ ਅਤੇ ਜਾਪਾਨ ਦੇ ਉਨ੍ਹਾਂ ਦੇ ਹਮਅਹੁਦਾ ਯਾਸੁਕਾਜੁ ਹਮਦਾ ਨੇ ਦੋ-ਪੱਖੀ ਗੱਲਬਾਤ ’ਚ ਦੋ-ਪੱਖੀ ਅਤੇ ਬਹੁਪੱਖੀ ਅਭਿਆਸ ਜਾਰੀ ਰੱਖਣ ਨੂੰ ਲੈ ਕੇ ਵਚਨਬੱਧਤਾ ਪ੍ਰਗਟ ਕੀਤੀ ਅਤੇ ਇਸ ਗੱਲ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਕਿ ਫੌਜੀ ਅਭਿਆਸ ਦੇ ਛੇਤੀ ਤੋਂ ਛੇਤੀ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਦਰਮਿਆਨ ਜ਼ਿਆਦਾ ਸਹਿਯੋਗ ਵਧੇਗਾ।
ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਰੱਖਿਆ ਮੰਤਰੀ ਯਾਸੁਕਾਜੁ ਹਮਦਾ ਦੇ ਨਾਲ 8 ਸਤੰਬਰ ਨੂੰ ਟੋਕਿਓ ’ਚ ਮੁਲਾਕਾਤ ਕੀਤੀ। ਮੰਤਰਾਲਾ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਰੱਖਿਆ ਸਹਿਯੋਗ ਅਤੇ ਖੇਤਰੀ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਦੋਵਾਂ ਦੇਸ਼ਾਂ ਦੀ ਵਿਸ਼ੇਸ਼ ਦੋ-ਪੱਖੀ ਰਣਨੀਤਿਕ ਅਤੇ ਸੰਸਾਰਿਕ ਭਾਈਵਾਲੀ ਤੇ ਇਕ ਸੁਤੰਤਰ, ਮੁਕਤ ਅਤੇ ਕਾਨੂੰਨ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਯਕੀਨੀ ਬਣਾਉਣ ’ਚ ਇਸ ਦੀ ਮਹੱਤਵਪੂਰਨ ਭੂਮਿਕਾ ਬਣਾਉਣ ’ਤੇ ਜ਼ੋਰ ਦਿੱਤਾ।
ਮੰਤਰਾਲਾ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਰੱਖਿਆ ਉਪਕਰਨ ਅਤੇ ਤਕਨੀਕੀ ਸਹਿਯੋਗ ਦੇ ਖੇਤਰ ’ਚ ਭਾਈਵਾਲੀ ਦੇ ਦਾਇਰੇ ਦਾ ਵਿਸਤਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਜਾਪਾਨੀ ਉਦਯੋਗਾਂ ਨੂੰ ਭਾਰਤ ਦੇ ਰੱਖਿਆ ਗਲਿਆਰਿਆਂ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਜਿਥੇ ਭਾਰਤ ਸਰਕਾਰ ਵੱਲੋਂ ਰੱਖਿਆ ਉਦਯੋਗ ਦੇ ਵਿਕਾਸ ਲਈ ਅਨੁਕੂਲ ਵਾਤਾਵਰਣ ਬਣਾਇਆ ਗਿਆ ਹੈ।