ਰਾਜਨਾਥ ਸਿੰਘ ਨੇ ਆਈ. ਐੱਨ. ਐੱਸ. ਬਾਜ਼ ਦਾ ਕੀਤਾ ਦੌਰਾ
Saturday, Jan 07, 2023 - 04:28 PM (IST)
ਪੋਰਟ ਬਲੇਅਰ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਗ੍ਰੇਟ ਨਿਕੋਬਾਰ ਆਈਲੈਂਡ ਦੀ ਕੈਂਪਬੈਲ ਖਾੜੀ ’ਚ ਇੰਡੀਅਨ ਨੇਵਲ ਏਅਰ ਸਟੇਸ਼ਨ ਆਈ. ਐੱਨ. ਐੱਸ ਬਾਜ਼ ਦਾ ਦੌਰਾ ਕੀਤਾ। ਰੱਖਿਆ ਸੂਤਰਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਆਈ. ਐੱਨ. ਐੱਸ. ਬਾਜ਼ ਭਾਰਤੀ ਹਥਿਆਰਬੰਦ ਫੋਰਸਾਂ ਦੀ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੀਆਂ ਸਾਂਝੀਆਂ ਸੇਵਾਵਾਂ ਅਧੀਨ ਤਾਇਨਾਤ ਹੈ।
ਸੂਤਰਾਂ ਨੇ ਦੱਸਿਆ ਕਿ ਸਿੰਘ ਨੇ ਉਥੇ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਕਮਾਂਡਰ-ਇਨ-ਚੀਫ ਲੈਫਟੀਨੈਂਟ ਜਨਰਲ ਅਜੈ ਸਿੰਘ ਏ. ਵੀ. ਐੱਸ. ਐੱਮ. ਵੀ ਸਨ। ਸਿੰਘ ਦਾ ਇਹ ਦੌਰਾ ਅਤੇ ਫੌਜੀਆਂ ਨਾਲ ਉਨ੍ਹਾਂ ਦੀ ਗੱਲਬਾਤ ਹਿੰਦ ਮਹਾਸਾਗਰ ਖੇਤਰ ’ਚ ਚੀਨ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਮਹੱਤਵਪੂਰਨ ਹੋ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੰਘ ਨੂੰ ਅੰਡੇਮਾਨ ਅਤੇ ਨਿਕੋਬਾਰ ਦੇ ਦੱਖਣੀ ਟਾਪੂਆਂ ਬਾਰੇ ਦੱਸਿਆ ਗਿਆ ਅਤੇ ਬਾਅਦ ’ਚ ਉਹ ਦੇਸ਼ ਦੇ ਸਭ ਤੋਂ ਦੂਰ ਦੱਖਣੀ ਸਿਰੇ ਵਾਲੇ ਇੰਦਰਾ ਪੁਆਇੰਟ ’ਤੇ ਗਏ। ਉਨ੍ਹਾਂ ਮੁਤਾਬਕ ਆਈ. ਐੱਨ. ਐੱਸ. ਬਾਜ਼ ਦਾ ਦੌਰਾ ਕਰਨ ਤੋਂ ਬਾਅਦ ਉਹ ਕਾਰ ਨਿਕੋਬਾਰ ’ਚ ਏਅਰ ਫੋਰਸ ਸਟੇਸ਼ਨ ਵੀ ਗਏ। ਰੱਖਿਆ ਮੰਤਰੀ ਅੰਡੇਮਾਨ ਨਿਕੋਬਾਰ ਕਮਾਂਡ ਦੀ ਸੰਚਾਲਨ ਤਿਆਰੀ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਪੋਰਟ ਬਲੇਅਰ ਪਹੁੰਚੇ ਸਨ। ਰੱਖਿਆ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਚੀਨ ਨਾਲ ਸਰਹੱਦੀ ਰੁਕਾਵਟ ਦਾ ਮੁੱਦਾ ਉਠਾਇਆ ਅਤੇ ਲੱਦਾਖ ਦੇ ਗਲਵਾਨ ਤੋਂ ਅਰੁਣਾਚਲ ਪ੍ਰਦੇਸ਼ ਦੇ ਯਾਂਗਤਸੇ ਤੱਕ ਤਾਇਨਾਤ ਭਾਰਤੀ ਸੈਨਿਕਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ।