ਰਾਜਨਾਥ ਸਿੰਘ ਨੇ ਬਾਬਾ ਬਰਫ਼ਾਨੀ ਦੇ ਕੀਤੇ ਦਰਸ਼ਨ, ਸੁਰੱਖਿਆ ਇੰਤਜ਼ਾਮਾਂ ਦਾ ਲਿਆ ਜਾਇਜ਼ਾ

Saturday, Jul 18, 2020 - 12:11 PM (IST)

ਰਾਜਨਾਥ ਸਿੰਘ ਨੇ ਬਾਬਾ ਬਰਫ਼ਾਨੀ ਦੇ ਕੀਤੇ ਦਰਸ਼ਨ, ਸੁਰੱਖਿਆ ਇੰਤਜ਼ਾਮਾਂ ਦਾ ਲਿਆ ਜਾਇਜ਼ਾ

ਜੰਮੂ— ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਦੋ ਦਿਨਾਂ ਲੇਹ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਦੌਰ 'ਤੇ ਹਨ। ਕੱਲ ਲੱਦਾਖ 'ਚ ਫ਼ੌਜੀ ਜਵਾਨਾਂ ਦੀ ਹੌਂਸਲਾ ਅਫਜ਼ਾਈ ਮਗਰੋਂ ਰਾਜਨਾਥ ਸਿੰਘ ਅੱਜ ਯਾਨੀ ਕਿ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਪੁੱਜੇ। ਰਾਜਨਾਥ ਸਿੰਘ ਅੱਜ ਅਮਰਨਾਥ ਯਾਤਰਾ 'ਤੇ ਪੁੱਜੇ, ਇੱਥੇ ਉਨ੍ਹਾਂ ਨੇ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਕੀਤੇ। ਉਨ੍ਹਾਂ ਨਾਲ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.) ਬਿਪਿਨ ਰਾਵਤ ਅਤੇ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਵੀ ਲਿਆ। ਦਰਸ਼ਨ ਪੂਜਾ ਮਗਰੋਂ ਰਾਜਨਾਥ ਸਿੰਘ ਕੰਟਰੋਲ ਰੇਖਾ (ਐੱਲ. ਓ. ਸੀ.) ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਜਨਾਥ ਸਿੰਘ ਲੱਦਾਖ ਪੁੱਜੇ ਸਨ।

PunjabKesari

ਦੱਸ ਦੇਈਏ ਇਕ ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ ਨੂੰ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਏ ਜਾਣ ਲਈ ਅੱਤਵਾਦੀਆਂ ਦੇ ਸਾਜਿਸ਼ ਰਚਣ ਬਾਰੇ ਖੁਫ਼ੀਆ ਸੂਚਨਾ ਮਿਲੀ ਹੈ। ਹਾਲਾਂਕਿ ਥਲ ਸੈਨਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਅਮਰਨਾਥ ਯਾਤਰਾ ਬਿਨਾਂ ਕਿਸੇ ਵਿਘਨ ਦੇ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਕਰਾਉਣ ਲਈ ਵਚਨਬੱਧ ਹਾਂ ਅਤੇ ਸੁਰੱਖਿਆ ਸਥਿਤੀ ਕੰਟਰੋਲ ਵਿਚ ਬਣੀ ਰਹੇਗੀ।

 

ਲੱਦਾਖ 'ਚ ਰਾਜਨਾਥ ਸਿੰਘ ਨੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਭਾਰਤ ਦੀ ਇਕ ਇੰਚ ਜ਼ਮੀਨ ਵੀ ਕੋਈ ਨਹੀਂ ਲੈ ਸਕਦਾ। ਅਸਲ ਕੰਟਰੋਲ ਰੇਖਾ (ਐੱਲ. ਏ. ਐੱਸ.) 'ਤੇ ਪਹੁੰਚ ਕੇ ਉਨ੍ਹਾਂ ਨੇ ਜਵਾਨਾਂ ਦਾ ਹੌਂਸਲਾ ਵਧਾਇਆ। ਰਾਜਨਾਥ ਸਿੰਘ ਨੇ ਕਿਹਾ ਸੀ ਕਿ ਸਾਨੂੰ ਭਾਰਤੀ ਫ਼ੌਜੀਆਂ 'ਤੇ ਮਾਣ ਹੈ। ਅਸੀਂ ਕਿਸੇ ਵੀ ਦੇਸ਼ 'ਤੇ ਕਦੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇਸ਼ ਦੀ ਜ਼ਮੀਨ 'ਤੇ ਅਸੀਂ ਕਬਜ਼ਾ ਕੀਤਾ। ਉਨ੍ਹਾਂ ਨੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿਸ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਅਸੀਂ ਅਸ਼ਾਂਤੀ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਚਾਹੁੰਦੇ ਹਾਂ। ਭਾਰਤ ਦੇ ਆਤਮ ਸਨਮਾਨ ਨੂੰ ਜੇਕਰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਾਂਗੇ ਸਗੋਂ ਉਸ ਦਾ ਮੂੰਹ ਤੋੜ ਜਵਾਬ ਦੇਵਾਂਗੇ।


author

Tanu

Content Editor

Related News