ਗੁਜਰਾਤ ਲਈ ਰਾਜਨਾਥ, ਯੇਦੀਯੁਰੱਪਾ ਤੇ ਅਰਜੁਨ ਮੁੰਡਾ ਆਬਜ਼ਰਵਰ ਨਿਯੁਕਤ

Saturday, Dec 10, 2022 - 12:40 PM (IST)

ਗੁਜਰਾਤ ਲਈ ਰਾਜਨਾਥ, ਯੇਦੀਯੁਰੱਪਾ ਤੇ ਅਰਜੁਨ ਮੁੰਡਾ ਆਬਜ਼ਰਵਰ ਨਿਯੁਕਤ

ਨਵੀਂ ਦਿੱਲੀ (ਬਿਊਰੋ)– ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵੇਂ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰ ਤੋਂ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ 3 ਮੈਂਬਰੀ ਆਬਜ਼ਰਵਰ ਟੀਮ ਭੇਜਣ ਦਾ ਫੈਸਲਾ ਕੀਤਾ ਹੈ।

ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਨੇ ਇਥੇ ਦੱਸਿਆ ਕਿ ਪਾਰਟੀ ਨੇ ਸੰਸਦੀ ਦਲ ਦੀ ਬੈਠਕ ਵਿਚ ਗੁਜਰਾਤ ਵਿਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਅਤੇ ਕੇਂਦਰੀ ਜਨਜਾਤੀ ਕਾਰਜ ਮੰਤਰੀ ਅਰਜੁਨ ਮੁੰਡਾ ਨੂੰ ਆਬਜ਼ਰਵਰ ਬਣਾਇਆ ਗਿਆ ਹੈ।

ਕੇਂਦਰੀ ਆਬਜ਼ਰਵਰ ਅਹਿਮਦਾਬਾਦ ਜਾ ਕੇ ਉਥੇ ਹੋਣ ਵਾਲੀ ਪਾਰਟੀ ਵਿਧਾਇਕ ਦਲ ਦੀ ਬੈਠਕ ਵਿਚ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਗੁਜਰਾਤ ਦੇ ਮੌਜੂਦਾ ਮੁੱਖ ਮੰਤਰੀ ਭੂਪਿੰਦਰ ਪਟੇਲ ਨੂੰ ਹੀ ਨੇਤਾ ਚੁਣਿਆ ਜਾ ਸਕਦਾ ਹੈ। ਉਹ ਘਟਲੋਦੀਆ ਵਿਧਾਨ ਸਭਾ ਸੀਟ ਤੋਂ ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਜੇਤੂ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਭਾਜਪਾ ਹੈੱਡਕੁਆਰਟਰ ਵਿਚ ਦਿੱਤੇ ਗਏ ਭਾਸ਼ਣ ਤੋਂ ਵੀ ਅਜਿਹੇ ਹੀ ਸੰਕੇਤ ਨਿਕਲੇ ਹਨ। ਗੁਜਰਾਤ ਵਿਚ ਨਵੀਂ ਸਰਕਾਰ ਦਾ ਗਠਨ ਅਤੇ ਸਹੁੰ ਚੁੱਕ ਸਮਾਰੋਹ ਸੋਮਵਾਰ 12 ਦਸੰਬਰ ਨੂੰ ਹੋਵੇਗਾ। ਸਹੁੰ ਚੁੱਕ ਸਮਾਰੋਹ ਵਿਚ ਸਾਰੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਉੱਚ ਨੇਤਾ ਮੌਜੂਦ ਰਹਿਣਗੇ।


author

Rakesh

Content Editor

Related News