ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਨੇ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼

07/21/2020 12:10:46 PM

ਚੇਨਈ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ। ਨਲਿਨੀ ਨੇ ਜੇਲ੍ਹ 'ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਨਲਿਨੀ ਨੇ ਸਾੜ੍ਹੀ ਨਾਲ ਜੇਲ੍ਹ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨਲਿਨੀ ਤਾਮਿਲਨਾਡੂ ਦੀ ਵੇਲੋਰ ਜੇਲ੍ਹ 'ਚ ਬੰਦ ਹੈ। ਜੇਲ੍ਹ ਸੂਤਰਾਂ ਮੁਤਾਬਕ ਪਿਛਲੇ 29 ਸਾਲ ਤੋਂ ਜੇਲ੍ਹ 'ਚ ਬੰਦ ਨਲਿਨੀ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਨਲਿਨੀ ਅਤੇ ਇਕ ਕੈਦੀ ਦਰਮਿਆਨ ਝਗੜਾ ਹੋਇਆ ਸੀ। ਨਲਿਨੀ ਦਾ ਜਿਸ ਨਾਲ ਝਗੜਾ ਹੋਇਆ ਸੀ, ਉਹ ਵੀ ਉਮਰ ਕੈਦ ਦੀ ਸਜ਼ਾ 'ਚ ਕੱਟ ਰਿਹਾ ਹੈ। ਉਕਤ ਕੈਦੀ ਨੇ ਝਗੜੇ ਦੀ ਸ਼ਿਕਾਇਤ ਜੇਲਰ ਤੋਂ ਕੀਤੀ ਸੀ, ਜਿਸ ਤੋਂ ਬਾਅਦ ਨਲਿਨੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 

ਨਲਿਨੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦੀ ਜਾਣਕਾਰੀ ਉਸ ਦੇ ਵਕੀਲ ਨੇ ਦਿੱਤੀ ਹੈ। ਵਕੀਲ ਨੇ ਦੱਸਿਆ ਕਿ ਨਲਿਨੀ ਨੇ ਇੰਨੇ ਸਾਲਾਂ ਵਿਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਹੈ। ਹਾਲਾਂਕਿ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਕੀਲ ਨੇ ਅੱਗੇ ਕਿਹਾ ਕਿ ਨਲਿਨੀ ਦੇ ਪਤੀ ਜੋ ਰਾਜੀਵ ਗਾਂਧੀ ਕੇਸ 'ਚ ਹੀ ਜੇਲ੍ਹ 'ਚ ਬੰਦ ਹਨ, ਉਸ ਨੇ ਨਲਿਨੀ ਨੂੰ ਦੂਜੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ ਚੁੱਕੀ ਹੈ।

ਦੱਸ ਦੇਈਏ ਕਿ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ 29 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ। ਉਹ ਦੁਨੀਆ ਵਿਚ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਕੈਦ ਕੱਟ ਰਹੀ ਜਨਾਨੀ ਹੈ। ਨਲਿਨੀ ਮੁਰੂਗਨ ਸ਼੍ਰੀਹਰਨ ਦੀ ਕਰੀਬੀ ਸਹਿਯੋਗੀ ਸੀ। ਦੋਹਾਂ ਨੇ ਵਿਆਹ ਕਰ ਲਿਆ ਸੀ। ਜਦੋਂ ਨਲਿਨੀ ਨੂੰ ਗ੍ਰਿ੍ਰਫ਼ਤਾਰ ਕੀਤਾ ਗਿਆ ਸੀ, ਤਾਂ ਉਹ 2 ਮਹੀਨੇ ਦੀ ਗਰਭਵਤੀ ਸੀ। ਜੇਲ੍ਹ 'ਚ ਹੀ ਉਸ ਨੇ ਇਕ ਧੀ ਨੂੰ ਜਨਮ ਦਿੱਤਾ। ਉਹ ਹੀ ਕੁੜੀ ਹੁਣ ਲੰਡਨ ਵਿਚ ਡਾਕਟਰ ਹੈ। ਚੇਨਈ 'ਚ ਜਨਮੀ ਨਲਿਨੀ ਨੇ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਸੀ ਅਤੇ ਸ਼੍ਰੀਹਰਨ ਦੇ ਉਸ ਦੇ ਜ਼ਿੰਦਗੀ ਵਿਚ ਆਉਣ ਤੋਂ ਪਹਿਲਾਂ ਉਹ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਦਾ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਂਰਬਦੂਰ 'ਚ ਹੋਏ ਧਮਾਕੇ ਵਿਚ ਰਾਜੀਵ ਗਾਂਧੀ ਦੀ ਮੌਤ ਹੋ ਗਈ ਸੀ।


Tanu

Content Editor

Related News