ਸਚਿਨ ਪਾਇਲਟ ਨੇ ਰਾਹੁਲ ਅਤੇ ਪ੍ਰਿਯੰਕਾ ਨਾਲ ਮੁਲਾਕਾਤ ਕੀਤੀ : ਪਾਰਟੀ ਸੂਤਰ
Monday, Aug 10, 2020 - 04:21 PM (IST)

ਨਵੀਂ ਦਿੱਲੀ- ਰਾਜਸਥਾਨ ਵਿਧਾਨ ਸਭਾ ਦੇ ਪ੍ਰਸਤਾਵਿਤ ਸੈਸ਼ਨ ਤੋਂ ਕੁਝ ਦਿਨਾਂ ਪਹਿਲਾਂ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਅਨੁਸਾਰ, ਰਾਹੁਲ ਅਤੇ ਪ੍ਰਿਯੰਕਾ ਨਾਲ ਇਸ ਮੁਲਾਕਾਤ 'ਚ ਪਾਇਲਟ ਨੇ ਵਿਸਥਾਰ ਨਾਲ ਆਪਣਾ ਪੱਖ ਰੱਖਿਆ ਅਤੇ ਫਿਰ ਪਾਰਟੀ ਦੇ ਦੋਹਾਂ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰਨ ਦਾ ਭਰੋਸਾ ਦਿਵਾਇਆ। ਪਾਇਲਟ ਨਾਲ ਮੁਲਾਕਾਤ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨੇ ਕਰੀਬ ਡੇਢ ਘੰਟੇ ਤੱਕ ਬੈਠਕ ਕੀਤੀ। ਬਾਅਦ 'ਚ ਦੋਹਾਂ ਨੇ ਕਿਸੇ ਹੋਰ ਸਥਾਨ 'ਤੇ ਜਾ ਕੇ ਪਾਇਲਟ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੋਈ ਹੈ ਅਤੇ ਹੁਣ ਰਾਜਸਥਾਨ 'ਚ ਕਾਂਗਰਸ ਦੇ ਅੰਦਰ ਪਿਛਲੇ ਕੁਝ ਹਫ਼ਤਿਆਂ ਤੋਂ ਚੱਲੀ ਆ ਰਹੀ ਹੱਲਚੱਲ ਰੁਕਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ 14 ਅਗਸਤ ਤੋਂ ਰਾਜਸਥਾਨ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ, ਜਿਸ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਹੁਮਤ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਮੁੱਖ ਮੰਤਰੀ ਗਹਿਲੋਤ ਵਿਰੁੱਧ ਖੁੱਲ੍ਹ ਕੇ ਬਗਾਵਤ ਕਰਨ ਅਤੇ ਵਿਧਾਨ ਦਲ ਦੀਆਂ ਬੈਠਕਾਂ 'ਚਸ਼ਾਮਲ ਨਹੀਂ ਹੋਣ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਪਾਇਲਟ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਬਾਗ਼ੀ ਰੁਖ ਅਪਣਾਉਣ ਦੇ ਨਾਲ ਹੀ ਪਾਇਲਟ ਕਈ ਵਾਰ ਸਪੱਸ਼ਟ ਕਰ ਚੁਕੇ ਹਨ ਕਿ ਉਹ ਭਾਜਪਾ 'ਚ ਸ਼ਾਮਲ ਨਹੀਂ ਹੋਣਗੇ।