7 ਸਾਲ ਦੀ ਮਾਸੂਮ ਨਾਲ ਦਰਿੰਦਗੀ, ਮਕਾਨ ਮਾਲਕ ਦਾ ਬੇਟਾ ਵਾਰਦਾਤ ਕਰ ਹੋਇਆ ਫਰਾਰ

Friday, Sep 13, 2024 - 10:13 PM (IST)

7 ਸਾਲ ਦੀ ਮਾਸੂਮ ਨਾਲ ਦਰਿੰਦਗੀ, ਮਕਾਨ ਮਾਲਕ ਦਾ ਬੇਟਾ ਵਾਰਦਾਤ ਕਰ ਹੋਇਆ ਫਰਾਰ

ਕੋਟਾ : ਰਾਜਸਥਾਨ ਦੇ ਬੂੰਦੀ ਸ਼ਹਿਰ 'ਚ ਇਕ 7 ਸਾਲਾ ਬੱਚੀ ਨਾਲ ਉਸ ਦੇ ਮਕਾਨ ਮਾਲਕ ਦੇ ਬੇਟੇ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ (24) ਘਰੋਂ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਪੁਲਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਬੂੰਦੀ ਦੇ ਐੱਸਪੀ (ਸਿਟੀ) ਹਨੂੰਮਾਨ ਪ੍ਰਸਾਦ ਮੀਨਾ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੀ ਹੈ, ਪਰ ਪੀੜਤ ਪਰਿਵਾਰ ਨੂੰ ਵੀਰਵਾਰ ਰਾਤ ਨੂੰ ਇਸ ਦੀ ਜਾਣਕਾਰੀ ਮਿਲੀ।

ਮੀਨਾ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਸ਼ੁੱਕਰਵਾਰ ਸਵੇਰੇ ਬੂੰਦੀ ਜ਼ਿਲ੍ਹਾ ਬਾਲ ਭਲਾਈ ਕਮੇਟੀ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਬੂੰਦੀ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੀ ਪ੍ਰਧਾਨ ਸੀਮਾ ਪੋਦਾਰ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਦੋ ਹਫ਼ਤੇ ਪਹਿਲਾਂ ਜੋਧਪੁਰ ਵਿੱਚ 14 ਸਾਲ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤਾ ਆਪਣੀ ਮਾਂ ਦੇ ਝਿੜਕਣ 'ਤੇ ਗੁੱਸੇ 'ਚ ਘਰੋਂ ਚਲੀ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਮਹਾਤਮਾ ਗਾਂਧੀ ਹਸਪਤਾਲ ਦੇ ਅਹਾਤੇ 'ਚ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਮਾਮਲੇ ਸਬੰਧੀ ਏਸੀਪੀ ਅਨਿਲ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ 25 ਅਗਸਤ ਦੀ ਸ਼ਾਮ ਨੂੰ ਸੁਰਸਾਗਰ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। 26 ਅਗਸਤ ਨੂੰ ਪੁਲਸ ਨੇ ਲੜਕੀ ਨੂੰ ਲੱਭ ਲਿਆ, ਜਿਸ ਦੀ ਜਾਣਕਾਰੀ ਉਸ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਲੜਕੀ ਨੇ ਦੱਸਿਆ ਸੀ ਕਿ ਹਸਪਤਾਲ ਵਿੱਚ ਉਸ ਨਾਲ ਇਹ ਦਰਿੰਦਗੀ ਹੋਈ ਸੀ।


author

Baljit Singh

Content Editor

Related News