ਰਾਜਸਥਾਨ : ਵਿਅਕਤੀ ਨੂੰ ਨੰਗਾ ਕਰ ਕੇ ਕੱਢੀ ਪਰੇਡ, ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ

12/28/2020 2:45:07 PM

ਕੋਟਾ- ਰਾਜਸਥਾਨ 'ਚ ਝਾਲਾਵਾੜ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਜਨਾਨੀ ਦਾ ਯੌਨ ਉਤਪੀੜਨ ਕਰਨ ਦੇ ਦੋਸ਼ 'ਚ 28 ਸਾਲਾ ਸ਼ਖਸ ਨੂੰ ਕੁੱਟਿਆ ਗਿਆ। ਇੰਨਾ ਹੀ ਉਸ ਨੂੰ ਜੁੱਤੀਆਂ ਦੀ ਮਾਲਾ ਪਹਿਨਾਈ ਗਈ ਅਤੇ ਨੰਗਾ ਕਰ ਕੇ ਪਰੇਡ ਕੱਢੀ ਗਈ। ਇਸ ਤੋਂ ਬਾਅਦ ਦੋਸ਼ੀਆਂ ਨੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਰਾਕੇਸ਼ ਰਾਠੌੜ ਦੀ ਸ਼ਿਕਾਇਤ 'ਤੇ 8 ਲੋਕਾਂ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ, ਮਾਣਹਾਨੀ ਅਤੇ ਗਲਤ ਤਰੀਕੇ ਨਾਲ ਰੋਕਣ ਨਾਲ ਸੰਬੰਧਤ ਆਈ.ਪੀ.ਸੀ. ਦੀਆਂ ਧਾਰਾਵਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਖਾਨਪੁਰ ਦੇ ਖੇਤਰ ਅਧਿਕਾਰੀ ਰਾਜੀਵ ਪਰਿਹਾਰ ਨੇ ਦੱਸਿਆ ਕਿ ਜਨਾਨੀ ਦੀ ਸ਼ਿਕਾਇਤ 'ਤੇ ਰਾਠੌੜ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ ਘਰ 'ਚ ਦਾਖ਼ਲ ਹੋਣ ਅਤੇ ਯੌਨ ਉਤਪੀੜਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਦੇ ਜਨਜਾਤੀ ਭਾਈਚਾਰੇ ਨਾਲ ਹੋਣ ਕਾਰਨ ਉਸ ਵਿਰੁੱਧ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਦੇ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਨਾਨੀ ਦੇ ਪਤੀ ਨੇ ਰਾਠੌੜ ਅਤੇ ਆਪਣੀ ਪਤਨੀ ਨੂੰ ਸ਼ਨੀਵਾਰ ਸ਼ਾਮ ਆਪਣੇ ਘਰ ਦੇਖ ਲਿਆ ਸੀ ਪਰ ਉਸ ਨੇ ਚਿਤਾਵਨੀ ਦੇਣ ਤੋਂ ਬਾਅਦ ਉਸ ਨੂੰ ਜਾਣ ਦਿੱਤਾ। ਪਰਿਹਾਰ ਨੇ ਦੱਸਿਆ ਕਿ ਇਕ ਦਿਨ ਬਾਅਦ ਜਨਾਨੀ ਦੇ ਪਤੀ ਦੇ ਦੋਸਤਾਂ ਨੇ ਰਾਠੌੜ ਨੂੰ ਫ਼ੋਨ ਕਰ ਕੇ ਬੁਲਾਇਆ ਅਤੇ ਉਸ ਨੂੰ ਫਿਰ ਕੁੱਟਿਆ, ਜੁੱਤੀਆਂ ਦੀ ਮਾਲਾ ਪਹਿਨਾਈ ਅਤੇ ਬਾਘੇਰ ਪਿੰਡ 'ਚ ਨੰਗਾ ਕਰ ਕੇ ਉਸ ਦੀ ਪਰੇਡ ਕੱਢੀ। ਇਸ ਮਾਮਲੇ 'ਚ ਪਰਿਹਾਰ ਹੀ ਜਾਂਚ ਅਧਿਕਾਰੀ ਹਨ। ਪੁਲਸ ਨੇ ਦੱਸਿਆ ਕਿ ਰਾਠੌੜ ਮਨਰੇਗਾ ਦੇ ਇਕ ਪ੍ਰਾਜੈਕਟ 'ਚ ਸੁਪਰਵਾਈਜ਼ਰ ਹਨ, ਜਦੋਂ ਕਿ ਜਨਾਨੀ ਰਾਸ਼ਟਰੀ ਰੁਜ਼ਗਾਰ ਗਾਰੰਟੀ ਯੋਜਨਾ ਦੇ ਅਧੀਨ ਕੰਮ ਕਰਦੀ ਹੈ। ਪਰਿਹਾਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ 8 ਤੋਂ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਿਹਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਰਾਠੌੜ ਨੇ ਹਾਲ 'ਚ ਜਨਾਨੀ ਨੂੰ ਇਕ ਫੋਨ ਦਿੱਤਾ ਸੀ ਅਤੇ ਸ਼ੱਕ ਹੈ ਕਿ ਦੋਹਾਂ ਦਰਮਿਆਨ ਪ੍ਰੇਮ ਪ੍ਰਸੰਗ ਹੋ ਸਕਦਾ ਹੈ। 


DIsha

Content Editor

Related News