ਟਿਕਟ ਨਾ ਮਿਲਣ ਤੋਂ ਨਾਰਾਜ਼ ਰਾਜਸਥਾਨ ਦੇ ਮੰਤਰੀ ਗੋਇਲ ਨੇ ਬੀ. ਜੇ. ਪੀ. ਤੋਂ ਦਿੱਤਾ ਅਸਤੀਫਾ

Wednesday, Nov 14, 2018 - 10:09 AM (IST)

ਟਿਕਟ ਨਾ ਮਿਲਣ ਤੋਂ ਨਾਰਾਜ਼ ਰਾਜਸਥਾਨ ਦੇ ਮੰਤਰੀ ਗੋਇਲ ਨੇ ਬੀ. ਜੇ. ਪੀ. ਤੋਂ ਦਿੱਤਾ ਅਸਤੀਫਾ

ਜੈਪੁਰ-ਰਾਜਸਥਾਨ ਵਿਚ 7 ਦਸੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਐਲਾਨ ਤੋਂ ਬਾਅਦ ਪਾਰਟੀ ਵਿਚ ਬਗਾਵਤੀ ਸੁਰ ਉਠਦੀ ਜਾ ਰਹੀ ਹੈ।ਰਾਜਸਥਾਨ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੰਤਰੀ ਸੁਰਿੰਦਰ ਗੋਇਲ ਨੇ ਆਪਣੇ ਸਮਰਥਕਾਂ ਸਮੇਤ ਬੀ. ਜੇ. ਪੀ. ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ, ਜਿਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਗੋਇਲ ਨੂੰ ਟਿਕਟ ਤੋਂ ਇਨਕਾਰ ਕੀਤਾ ਗਿਆ ਸੀ ਤੇ ਉਨ੍ਹਾਂ ਦਾ ਨਾਂ ਪਹਿਲੀ ਜਾਰੀ ਸੂਚੀ ਵਿਚ ਨਹੀਂ ਸੀ।

ਗੋਇਲ, ਪੰਜ ਵਾਰ ਜੈਤਾਰਨ ਤੋਂ ਵਿਧਾਇਕ ਚਲੇ ਆ ਰਹੇ ਸਨ, ਨੇ ਕਿਹਾ ਕਿ ਉਹ ਹੁਣ ਜੈਤਾਰਨ ਤੋਂ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਦੇ ਮੈਦਾਨ ’ਚ ਉਤਰਨਗੇ ਤੇ 17 ਨਵੰਬਰ ਨੂੰ ਆਪਣੇ ਕਾਗਜ਼ ਦਾਖਲ ਕਰਨ ਜਾ ਰਹੇ ਹਨ। ਗੋਇਲ ਦੇ ਪਾਰਟੀ ਤੋਂ ਬਾਹਰ ਹੋਣ ਨਾਲ ਪਾਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬੀ. ਜੇ. ਪੀ. ਨੂੰ ਖਾਸੀ ਸੱਟ ਵੱਜਣ ਦੀ ਸੰਭਾਵਨਾ ਬਣ ਗਈ ਹੈ।

ਇਸ ਤੋਂ ਇਲਾਵਾ ਬੀ. ਜੇ. ਪੀ. ਨੇ ਕਬਾਇਲੀ ਖੇਤਰ ਵਿਕਾਸ ਮੰਤਰੀ ਨੰਦਿਆਲ ਮੀਨਾ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਪਰ ਪਾਰਟੀ ਨੇ ਮੀਨਾ ਦੇ ਲੜਕੇ ਹੇਮੰਤ ਮੀਨਾ ਨੂੰ ਟਿਕਟ ਦੇ ਦਿੱਤੀ ਹੈ, ਜੋ ਪਰਤਾਪਗੜ੍ਹ ਤੋਂ ਚੋਣ ਲੜੇਗਾ।

ਸਾਬਕਾ ਬੀ. ਜੇ. ਪੀ. ਜਨਰਲ ਸਕੱਤਰ ਕੁਲਦੀਪ ਧਨਖੜ ਨੇ ਵੀ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ, ਜੋ ਕਿ ਵੀਰਾਤ ਨਗਰ ਤੋਂ ਟਿਕਟ ਮਿਲਣ ਦੀ ਆਸ ਲਾਈ ਬੈਠੇ ਸਨ।
ਇਸ ਖੇਤਰ ਲਈ ਫੂਲਚੰਦ ਭੀਂਡਾ ਨੂੰ ਟਿਕਟ ਦੇ ਦਿੱਤੀ ਗਈ ਹੈ। ਧਨਖੜ ਨੇ ਵੀ ਜ਼ਾਦ ਉਮੀਦਵਾਰ ਵਜੋਂ ਵੀਰਾਤ ਨਗਰ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਉਹ 16 ਨਵੰਬਰ ਨੂੰ ਪੇਪਰ ਦਾਖਲ ਕਰਨਗੇ।


author

Iqbalkaur

Content Editor

Related News