ਰਾਜਸਥਾਨ ਸਰਕਾਰ ਨੇ ਸੂਬੇ ਦੀਆਂ ਸਰਹੱਦਾਂ ਕੀਤੀਆਂ ਸੀਲ, ਬਿਨਾਂ ਮਨਜ਼ੂਰੀ ਪ੍ਰਵੇਸ਼ ਨਹੀਂ

05/07/2020 2:16:50 PM

ਜੈਪੁਰ- ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਤੁਰੰਤ ਵਾਧੇ ਦਰਮਿਆਨ ਰਾਜਸਥਾਨ ਸਰਕਾਰ ਨੇ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਹੁਣ ਕੋਈ ਵੀ ਬਿਨਾਂ ਮਨਜ਼ੂਰੀ ਦੇ ਸੂਬੇ 'ਚ ਪ੍ਰਵੇਸ਼ ਨਹੀਂ ਕਰ ਸਕੇਗਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਨੁਸਾਰ ਪਿਛਲੇ ਦਿਨੀਂ ਦੇਸ਼ ਦੇ ਕਈ ਰਾਜਾਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਦੇਸ਼ 'ਚ ਬੀਤੇ ਤਿੰਨ ਦਿਨਾਂ 'ਚ 10 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਹੋਰ ਰਾਜਾਂ 'ਚ ਭਾਰੀ ਗਿਣਤੀ ਬਿਨਾਂ ਮਨਜ਼ੂਰੀ ਦੇ ਲੋਕਾਂ ਦੇ ਪ੍ਰਵੇਸ਼ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸਰਹੱਦਾਂ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ।

PunjabKesariਉਨਾਂ ਨੇ ਵੀਰਵਾਰ ਨੂੰ ਟਵੀਟ ਕੀਤਾ,''ਪ੍ਰਦੇਸ਼ ਦੀਆਂ ਅੰਤਰਰਾਜੀ ਸਰਹੱਦਾਂ ਤੋਂ ਅਣਅਧਿਕਾਰਤ ਵਿਅਕਤੀਆਂ ਦੇ ਪ੍ਰਵੇਸ਼ ਨੂੰ ਰੋਕਣ ਲਈ ਰਾਜ ਸਰਕਾਰ ਵਲੋਂ ਤੁਰੰਤ ਪ੍ਰਭਾਵ ਤੋਂ ਰਾਜ ਦੀਆਂ ਸਾਰੀਆਂ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰ ਕੇ ਰੈਗੁਲੇਟ ਕੀਤਾ ਜਾਵੇਗਾ, ਜਿਸ ਨਾਲ ਰਾਜ ਸਰਕਾਰ ਵਲੋਂ ਤੈਅ ਪ੍ਰਕਿਰਿਆ ਨੂੰ ਅਪਣਾ ਕੇ ਅਧਿਕਾਰਤ ਵਿਅਕਤੀ ਹੀ ਰਾਜ 'ਚ ਪ੍ਰਵੇਸ਼ ਕਰ ਸਕੇ।'' ਦੱਸਣਯੋਗ ਹੈ ਕਿ ਰਾਜਸਥਾਨ ਦੀ ਅੰਤਰਰਾਜੀ ਸਰਹੱਦ 5 ਸੂਬਿਆਂ ਨਾਲ ਲੱਗਦੀ ਹੈ, ਜਿਨਾਂ 'ਚ ਉੱਤਰ 'ਚ ਪੰਜਾਬ, ਉੱਤਰ-ਪੂਰਬ 'ਚ ਹਰਿਆਣਾ, ਪੂਰਬ 'ਚ ਉੱਤਰ ਪ੍ਰਦੇਸ਼, ਦੱਖਣ-ਪੂਰਬ 'ਚ ਮੱਧ ਪ੍ਰਦੇਸ਼ ਅਤੇ ਦੱਖਣ 'ਚ ਗੁਜਰਾਤ ਹੈ। ਰਾਜਸਥਾਨ 'ਚ ਵੀ ਕੋਰੋਨਾ ਵਾਇਰਸ ਮਰੀਜ਼ਾਂ ਦੀ ਕੁੱਲ ਗਿਣਤੀ ਵੀਰਵਾਰ ਸਵੇਰ ਤੱਕ 3335 ਨੂੰ ਪਾਰ ਕਰ ਗਈ, ਜਦੋਂ ਕਿ ਸੂਬੇ 'ਚ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ।


DIsha

Content Editor

Related News