ਰਾਜਸਥਾਨ ''ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 6 ਹਜ਼ਾਰ ਦੇ ਪਾਰ, 150 ਦੀ ਮੌਤ
Thursday, May 21, 2020 - 12:36 PM (IST)

ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵੀਰਵਾਰ ਨੂੰ ਸਾਹਮਣੇ ਆਏ, ਜਿਸ ਨਾਲ ਰਾਜ 'ਚ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 150 ਹੋ ਗਈ ਹੈ। ਇਸ ਵਿਚ ਰਾਜ 'ਚ ਇਨਫੈਕਸ਼ਨ ਦੇ 83 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 6,098 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜੈਪੁਰ, ਭਰਤਪੁਰ ਅਤੇ ਸੀਕਰ 'ਚ ਇਕ-ਇਕ ਪੀੜਤ ਵਿਅਕਤੀ ਦੀ ਮੌਤ ਦੇ ਮਾਮਲੇ ਸਾਹਮਣੇ ਆਏ। ਇਸ ਨਾਲ ਰਾਜ 'ਚ ਕੋਰੋਨਾ ਵਾਇਰਸ ਇਨਫੈਕਸ਼ ਨਾਲ ਹੁਣ ਤੱਕ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 150 ਹੋ ਗਈ ਹੈ। ਸਿਰਫ਼ ਜੈਪੁਰ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੈ, ਜਦੋਂ ਕਿ ਜੋਧਪੁਰ 'ਚ 17 ਅਤੇ ਕੋਟਾ 'ਚ 13 ਰੋਗੀਆਂ ਦੀ ਮੌਤ ਹੋ ਚੁਕੀ ਹੈ।
ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਵੀ ਪੀੜਤ ਸਨ। ਇਸ ਵਿਚ, ਰਾਜ 'ਚ ਵੀਰਵਾਰ ਸਵੇਰੇ 9 ਵਜੇ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 83 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਡੂੰਗਰਪੁਰ 'ਚ 28, ਉਦੇਪੁਰ 'ਚ 10, ਜੈਪੁਰ 'ਚ 8, ਨਾਗੌਰ 'ਚ 8, ਰਾਜਸਮੰਦ 'ਚ 6, ਬੀਕਾਨੇਰ 'ਚ 6, ਅਲਵਰ 'ਚ 4 ਅਤੇ ਭੀਲਵਾੜਾ, ਅਜਮੇਰ, ਕੋਟਾ ਅਤੇ ਬਾੜਮੇਰ 'ਚ 2-2 ਨਵੇਂ ਕੇਸ ਸ਼ਾਮਲ ਹਨ। ਉੱਤਰ ਪ੍ਰਦੇਸ਼ ਦਾ ਇਕ ਵਿਅਕਤੀ ਵੀ ਇੱਥੇ ਇਨਫੈਕਟਡ ਪਾਇਆ ਗਿਆ ਹੈ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਠਹਿਰਾਇਆ ਗਿਆ ਹੈ। ਰਾਜ ਭਰ 'ਚ 22 ਮਾਰਚ ਤੋਂ ਲਾਕਡਾਊਨ ਹੈ ਅਤੇ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।