ਰਾਜਸਥਾਨ ਲਈ ਕਾਂਗਰਸ ਨੇ 33 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਗਹਿਲੋਤ, ਜੋਸ਼ੀ ਤੇ ਪਾਇਲਟ ਦੇ ਨਾਂ ਸ਼ਾਮਲ

10/21/2023 5:36:41 PM

ਨਵੀਂ ਦਿੱਲੀ/ਜੈਪੁਰ, (ਭਾਸ਼ਾ)- ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 33 ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ਨੀਵਾਰ ਜਾਰੀ ਕੀਤੀ। ਇਸ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਿਧਾਨ ਸਭਾ ਦੇ ਸਪੀਕਰ ਸੀ. ਪੀ. ਜੋਸ਼ੀ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂ ਵੀ ਸ਼ਾਮਲ ਹਨ।

ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਗਹਿਲੋਤ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਸਰਦਾਰਪੁਰਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਇਲਟ ਟੋਂਕ ਤੋਂ ਚੋਣ ਲੜਨਗੇ ਜਿੱਥੋਂ ਉਹ ਮੌਜੂਦਾ ਵਿਧਾਇਕ ਹਨ। ਸਪੀਕਰ ਸੀ.ਪੀ. ਜੋਸ਼ੀ ਨੂੰ ਉਨ੍ਹਾਂ ਦੇ ਮੌਜੂਦਾ ਹਲਕੇ ਨਾਥਦੁਆਰੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਨੂੰ ਲਕਸ਼ਮਣਗੜ੍ਹ ਤੋਂ ਟਿਕਟ ਦਿੱਤੀ ਗਈ ਹੈ ਜਿੱਥੋਂ ਉਹ ਇਸ ਵੇਲੇ ਵਿਧਾਇਕ ਹਨ।

ਕਾਂਗਰਸ ਦੀ ਪਹਿਲੀ ਸੂਚੀ ਵਿੱਚ ਰਾਜਸਥਾਨ ਦੇ ਕੁਝ ਮੰਤਰੀਆਂ ਦੇ ਨਾਂ ਵੀ ਸ਼ਾਮਲ ਹਨ। ਭੰਵਰ ਸਿੰਘ ਭਾਟੀ ਨੂੰ ਕੋਲਾਇਤ ਤੋਂ, ਮਹਿੰਦਰਜੀਤ ਮਾਲਵੀਆ ਨੂੰ ਬਾਗੀਡੋਰਾ ਤੋਂ, ਟਿਕਰਾਮ ਜੂਲੀ ਨੂੰ ਅਲਵਰ ਦਿਹਾਤੀ ਤੋਂ ਅਤੇ ਮਮਤਾ ਭੂਪੇਸ਼ ਨੂੰ ਸੀਕਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਬੀਟੂ ਤੋਂ ਸਾਬਕਾ ਮੰਤਰੀ ਹਰੀਸ਼ ਚੌਧਰੀ, ਸਵਾਈ ਮਾਧੋਪੁਰ ਤੋਂ ਦਾਨਿਸ਼ ਅਬਰਾਰ, ਓਸੀਅਨ ਤੋਂ ਦਿਵਿਆ ਮਦੇਰਨਾ ਤੇ ਸਾਦੁਲਪੁਰ ਤੋਂ ਕ੍ਰਿਸ਼ਨਾ ਪੂਨੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਜੈਪੁਰ ਸ਼ਹਿਰ ਦੇ ਮਾਲਵੀਆ ਨਗਰ ਤੋਂ ਅਰਚਨਾ ਸ਼ਰਮਾ ਅਤੇ ਸਾਂਗਾਨੇਰ ਤੋਂ ਪੁਸ਼ਪੇਂਦਰ ਭਾਰਦਵਾਜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੂਚੀ ਵਿੱਚ ਪਾਇਲਟ ਦੇ ਕਰੀਬੀ ਮੰਨੇ ਜਾਣ ਵਾਲੇ ਉਮੀਦਵਾਰਾਂ ਵਿੱਚ ਪਰਬਤਸਰ ਤੋਂ ਰਾਮਨਿਵਾਸ ਗਾਵੜੀਆ ਅਤੇ ਲਾਡਨ ਤੋਂ ਮੁਕੇਸ਼ ਭਾਕਰ ਦੇ ਨਾਂ ਵੀ ਸ਼ਾਮਲ ਹਨ।

ਕਾਂਗਰਸ ਦੀ ਸੂਚੀ ਵਿੱਚ ਕਿਸੇ ਵੀ ਨਾਂ ਨੂੰ ਹੈਰਾਨ ਕਰਨ ਵਾਲਾ ਨਹੀਂ ਮੰਨਿਆ ਜਾ ਰਿਹਾ। ਸੂਚੀ ਵਿੱਚ ਵਧੇਰੇ ਮੌਜੂਦਾ ਵਿਧਾਇਕਾਂ ਜਾਂ ਮੰਤਰੀਆਂ ਦੇ ਨਾਂ ਹਨ।


Rakesh

Content Editor

Related News