ਦੁਖ਼ਦ ਖ਼ਬਰ: ਬੱਸ ਦੇ ਕਰੰਟ ਦੀ ਲਪੇਟ 'ਚ ਆਉਣ ਨਾਲ 2 ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ

Tuesday, Apr 05, 2022 - 01:56 PM (IST)

ਜੈਸਲਮੇਰ (ਭਾਸ਼ਾ)– ਰਾਜਸਥਾਨ ਦੇ ਜੈਸਲਮੇਰ ਦੇ ਸਦਰ ਥਾਣਾ ਖੇਤਰ ’ਚ ਮੰਗਲਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਇਕ ਪ੍ਰਾਈਵੇਟ ਬੱਸ ਬਿਜਲੀ ਦੀ ਤਾਰ ਦੀ ਲਪੇਟ ’ਚ ਆ ਗਈ, ਜਿਸ ਕਾਰਨ 2 ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਲੋਕ ਝੁਲਸ ਗਏ। ਸਹਾਇਕ ਸਬ-ਇੰਸਪੈਕਟਰ ਮੁਕੇਸ਼ ਬੀਰਾ ਨੇ ਦੱਸਿਆ ਕਿ ਇਹ ਹਾਦਸਾ ਜੈਸਲਮੇਰ-ਚੇਲਕ ਸੜਕ ਮਾਰਗ ’ਤੇ ਉਸ ਸਮੇਂ ਵਾਪਰਿਆ, ਜਦੋਂ ਮੰਗਲਵਾਰ ਸਵੇਰੇ ਇਕ ਪ੍ਰਾਈਵੇਟ ਬੱਸ ਗੁਹਡਾ ਪਿੰਡ ਤੋਂ ਸਦਾਰਾਮ ਜੀ ਮੇਲੇ ਤੋਂ ਵਾਪਸ ਪਰਤ ਰਹੀ ਸੀ ਤਾਂ ਇਸ ਦੌਰਾਨ ਬਿਜਲੀ ਦੀ ਤਾਰ ਲਪੇਟ ’ਚ ਆ ਗਈ। ਉਨ੍ਹਾਂ ਦੱਸਿਆ ਕਿ ਕਰੰਟ ਲੱਗਣ ਨਾਲ 2 ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਝੁਲਸ ਗਏ ਹਨ। 

ਮ੍ਰਿਤਕਾਂ ਦੀ ਪਛਾਣ ਰਾਣਾਰਾਮ ਮੇਘਵਾਲ, ਉਨ੍ਹਾਂ ਦੇ ਭਰਾ ਨਾਰਾਇਣਰਾਮ ਮੇਘਵਾਲ ਅਤੇ ਪਦਮਾਰਾਮ ਦੇ ਰੂਪ ’ਚ ਹੋਈ ਹੈ। ਗੰਭੀਰ ਰੂਪ ਨਾਲ ਝੁਲਸੇ ਇਕ ਵਿਅਕਤੀ ਨੂੰ ਇਲਾਜ ਲਈ ਜੋਧਪੁਰ ਭੇਜਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਡਾ. ਪ੍ਰਤਿਭਾ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਰਿਪੋਰਟ ਪ੍ਰਾਪਤ ਹੋਵੇਗੀ ਉਸ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਓਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮ੍ਰਿਤਕ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਜੈਸਲਮੇਰ ’ਚ ਬੱਸ ’ਚ ਕਰੰਟ ਨਾਲ 3 ਲੋਕਾਂ ਦੀ ਮੌਤ ਬਹੁਤ ਦੁਖ਼ਦ ਹੈ, ਮ੍ਰਿਤਕ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਪਰਮਾਤਮਾ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ’ਚ ਹਿੰਮਤ ਬਖਸ਼ੇ ਅਤੇ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਪ੍ਰਦਾਨ ਕਰੇ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। 


Tanu

Content Editor

Related News