ਸਰਕਾਰ ਖਿਲਾਫ਼ ''ਸੱਤਾ ਵਿਰੋਧੀ'' ਲਹਿਰ ਨਹੀਂ, ਮੁੜ ਬਣਾਵਾਂਗੇ ਸਰਕਾਰ: ਗਹਿਲੋਤ
Saturday, Nov 25, 2023 - 10:48 AM (IST)
ਜੋਧਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਸੂਬੇ 'ਚ ਸੱਤਾਧਾਰੀ ਕਾਂਗਰਸ ਖਿਲਾਫ਼ ਕੋਈ ਸੱਤਾ ਵਿਰੋਧੀ ਲਹਿਰ ਨਹੀਂ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਪਾਰਟੀ ਸੂਬੇ ਵਿਚ ਫਿਰ ਤੋਂ ਸਰਕਾਰ ਬਣਾਏਗੀ। ਗਹਿਲੋਤ ਨੇ ਜੋਧਪੁਰ ਵਿਚ ਕਿਹਾ ਕਿ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਵਿਕਾਸ ਦੇ ਮੁੱਦਿਆਂ 'ਤੇ ਕੇਂਦਰਿਤ ਹੈ, ਜਦਕਿ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਉਸ ਦੇ ਹੋਰ ਨੇਤਾਵਾਂ ਨੇ ਆਪਣੇ ਪ੍ਰਚਾਰ ਵਿਚ ਭੜਕਾਊ ਭਾਸ਼ਾ ਦਾ ਇਸਤੇਮਾਲ ਕੀਤਾ।
ਭਾਜਪਾ ਨੇਤਾਵਾਂ ਦੇ ਚੁਣਾਵੀ ਭਾਸ਼ਣਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਨਤਾ ਸਮਝ ਚੁੱਕੀ ਹੈ। ਅਜਿਹਾ ਲੱਗ ਰਿਹਾ ਹੈ ਕਿ ਕਾਂਗਰਸ ਸਰਕਾਰ ਫਿਰ ਤੋਂ ਸੱਤਾ ਵਿਚ ਆਵੇਗੀ। ਭਾਜਪਾ ਵਲੋਂ 'ਲਾਲ ਡਾਇਰੀ' ਅਤੇ ਹੋਰ ਮੁੱਦਿਆਂ 'ਤੇ ਸਿਰਫ ਅਸ਼ੋਕ ਗਹਿਲੋਤ ਨੂੰ ਹੀ ਨਿਸ਼ਾਨਾ ਬਣਾਏ ਜਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਹ ਖਰੀਦ-ਫਰੋਖ਼ਤ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਦੀ ਚੁਣੀ ਹੋਈ ਸਰਕਾਰ ਨਹੀਂ ਡਿੱਗਾ ਸਕੇ। ਅਸੀਂ ਉਨ੍ਹਾਂ ਨੂੰ ਸਥਾਨਕ ਮੁੱਦਿਆਂ ਅਤੇ ਸਾਡੀਆਂ ਯੋਜਨਾਵਾਂ 'ਤੇ ਗੱਲ ਕਰਨ ਦੀ ਚੁਣੌਤੀ ਦਿੱਤੀ।
ਦੱਸਣਯੋਗ ਹੈ ਕਿ ਰਾਜਸਥਾਨ 'ਚ 16ਵੀਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਸ਼ਨੀਵਾਰ ਸਵੇਰੇ 7 ਵਜੇ ਸ਼ੁਰੂ ਹੋਈਆਂ। ਸੂਬੇ ਵਿਚ 199 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ, ਜਿੱਥੇ 5.25 ਕਰੋੜ ਤੋਂ ਵੱਧ ਵੋਟਰ 1862 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਸੂਬੇ 'ਚ ਕੁੱਲ 200 ਵਿਧਾਨ ਸਭਾ ਸੀਟਾਂ ਹਨ ਪਰ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਕਰਣਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਗੁਰਮੀਤ ਸਿੰਘ ਦੇ ਦਿਹਾਂਤ ਮਗਰੋਂ ਇੱਥੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ।