ਉੱਤਰਾਖੰਡ ''ਚ ਮੋਹਲੇਧਾਰ ਮੀਂਹ ਦਾ ਕਹਿਰ ਜਾਰੀ, ਰੁਦਰਪ੍ਰਯਾਗ-ਮਦਮਹੇਸ਼ਵਰ ਰਸਤੇ ਦਾ ਰੁੜ੍ਹਿਆ ਪੁਲ

Friday, Jul 26, 2024 - 01:13 PM (IST)

ਦੇਹਰਾਦੂਨ- ਉੱਤਰਾਖੰਡ 'ਚ ਵੱਖ-ਵੱਖ ਇਲਾਕਿਆਂ 'ਚ ਜਾਰੀ ਮੀਂਹ ਦਰਮਿਆਨ ਰੁਦਰਪ੍ਰਯਾਗ ਜ਼ਿਲ੍ਹੇ 'ਚ ਮਦਮਹੇਸ਼ਵਰ ਦੇ ਪੈਦਲ ਜਾਣ ਵਾਲੇ ਰਸਤੇ 'ਤੇ ਗੋਡਾਰ 'ਚ ਇਕ ਪੁਲ ਰੁੜ੍ਹ ਗਿਆ। ਯਮੁਨੋਤਰੀ ਧਾਮ ਨੇੜੇ ਜਾਨਕੀਚੱਟੀ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਯਮੁਨਾ ਦੇ ਵਧੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਨਦੀ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। 

ਟਿਹਰੀ ਜ਼ਿਲ੍ਹੇ ਦੇ ਭੀਲੰਗਾਨਾ ਇਲਾਕੇ 'ਚ ਮੀਂਹ ਕਾਰਨ ਬਾਲਗੰਗਾ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਗਈ ਅਤੇ ਉਸ ਨੇ ਬੁੱਢਾਕੇਦਾਰ ਇਲਾਕੇ 'ਚ ਕਾਫੀ ਤਬਾਹੀ ਮਚਾਈ, ਜਿੱਥੇ ਨਦੀ ਦਾ ਪਾਣੀ ਕਈ ਘਰਾਂ 'ਚ ਦਾਖਲ ਹੋ ਗਿਆ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਤੋਂ ਮਿਲੀ ਜਾਣਕਾਰੀ ਮੁਤਾਬਕ ਮੀਂਹ ਕਾਰਨ ਰੁਦਰਪ੍ਰਯਾਗ-ਮਦਮਹੇਸ਼ਵਰ ਰਸਤੇ 'ਤੇ ਗੋਡਾਰ ਨਦੀ 'ਤੇ ਬਣਿਆ ਪੁਲ ਰੁੜ੍ਹ ਗਿਆ। ਹਾਲਾਂਕਿ ਮਦਮਹੇਸ਼ਵਰ ਮਾਰਗ 'ਤੇ ਮੌਜੂਦ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। SDRF ਨੇ ਦੱਸਿਆ ਕਿ ਉੱਤਰਕਾਸ਼ੀ ਜ਼ਿਲ੍ਹੇ ਵਿਚ ਯਮੁਨੋਤਰੀ ਧਾਮ ਨੇੜੇ ਜਾਨਕੀਚੱਟੀ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਅਤੇ ਇਸ ਦਾ ਪਾਣੀ ਜਾਨਕੀਚੱਟੀ ਪਾਰਕਿੰਗ ਵਿਚ ਵੀ ਪਹੁੰਚ ਗਿਆ ਜਿਸ 'ਚ ਕੁਝ ਦੋ-ਪਹੀਆ ਵਾਹਨ ਵਹਿ ਗਏ।

ਸੁਰੱਖਿਆ ਕਾਰਨਾਂ ਕਰਕੇ SDRF ਅਤੇ ਪੁਲਸ ਵੱਲੋਂ ਨਦੀ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਟਿਹਰੀ ਦੇ ਭੀਲੰਗਾਨਾ ਖੇਤਰ ਦੇ ਬੁੱਢਾਕੇਦਾਰ ਪਿੰਡ ਜਖਾਨਾ, ਤੋਲੀ ਅਤੇ ਗੈਨਾਬਲੀ 'ਚ ਵੀਰਵਾਰ ਰਾਤ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਬਾਲਗੰਗਾ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਨਦੀ ਦੇ ਪਾਣੀ ਨਾਲ ਪਿੰਡ ਵਾਸੀਆਂ ਦੇ ਖੇਤ, ਪੁਲ ਅਤੇ ਸੜਕਾਂ ਨੁਕਸਾਨੀਆਂ ਗਈਆਂ। ਸੜਕ ਕਿਨਾਰੇ ਵਸੇ ਪਿੰਡਾਂ ਦੇ ਕਈ ਘਰਾਂ ਅਤੇ ਦੁਕਾਨਾਂ 'ਚ ਵੀ ਦਰਿਆ ਦਾ ਪਾਣੀ ਦਾਖਲ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਮੇਂ ਸਿਰ ਘਰੋਂ ਨਿਕਲ ਕੇ ਸੁਰੱਖਿਅਤ ਥਾਂ ’ਤੇ ਪਹੁੰਚ ਗਏ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਮੀਂਹ ਕਾਰਨ ਹੋਈ ਤਬਾਹੀ ਦੀ ਸੂਚਨਾ ਮਿਲਦਿਆਂ ਹੀ ਨਾਇਬ ਤਹਿਸੀਲਦਾਰ ਬਿਰਮ ਸਿੰਘ ਨੇ ਸਵੇਰੇ ਹੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।


Tanu

Content Editor

Related News