ਹਿਮਾਚਲ ''ਚ ਕਈ ਥਾਵਾਂ ''ਤੇ ਪਿਆ ਮੀਂਹ, 15 ਸੜਕਾਂ ਬੰਦ
Saturday, Jul 13, 2024 - 03:56 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ 'ਚ 15 ਸੜਕਾਂ ਬੰਦ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸ਼ਾਮ ਤੋਂ ਬੈਜਨਾਥ 'ਚ 32 ਮਿਲੀਮੀਟਰ, ਧਰਮਸ਼ਾਲਾ 'ਚ 22.6 ਮਿ.ਮੀ., ਜੁਬੜਹੱਟੀ 'ਚ 21.5 ਮਿ.ਮੀ., ਮਨਾਲੀ 'ਚ 20 ਮਿ.ਮੀ., ਕਾਂਗੜਾ 'ਚ 19.2 ਮਿ.ਮੀ., ਜੋਗਿੰਦਰਨਗਰ 'ਚ 19 ਮਿ.ਮੀ., ਸਲੋਨੀ 'ਚ 18.3 ਮਿ.ਮੀ., 5.5 ਮਿ.ਮੀ. ਬਾਰਿਸ਼ ਦਰਜ ਕੀਤੀ ਗਈ। ਪੰਡੋਹ ਅਤੇ ਪਾਲਮਪੁਰ ਵਿਚ 14.4 ਮਿਲੀਮੀਟਰ ਮੀਂਹ ਪਿਆ।
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ ਮੰਡੀ ਵਿਚ ਕੁੱਲ 8, ਸ਼ਿਮਲਾ ਵਿਚ 4 ਅਤੇ ਕਾਂਗੜਾ ਜ਼ਿਲ੍ਹਿਆਂ ਵਿਚ 15 ਸੜਕਾਂ ਪਿਛਲੇ ਹਫ਼ਤੇ ਪਏ ਮੀਂਹ ਤੋਂ ਬਾਅਦ ਬੰਦ ਹਨ, ਜਦੋਂ ਕਿ 47 ਟਰਾਂਸਫਾਰਮਰ ਕੰਮ ਨਹੀਂ ਕਰ ਰਹੇ ਹਨ। ਮੌਸਮ ਵਿਭਾਗ ਦੇ ਦਫ਼ਤਰ ਨੇ ਅਗਲੇ 6 ਦਿਨਾਂ ਲਈ 19 ਜੁਲਾਈ ਤੱਕ 'ਆਰੇਂਜ ਅਲਰਟ' ਜਾਰੀ ਕਰਦਿਆਂ ਵੱਖ-ਵੱਖ ਥਾਵਾਂ 'ਤੇ ਤੂਫ਼ਾਨ ਅਤੇ ਆਸਮਾਨੀ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਹੈ।