ਮੀਂਹ, ਤੇਜ਼ ਹਵਾਵਾਂ ਕਾਰਨ ਬਦਲੀ ਦਿੱਲੀ ਦੀ ਆਬੋ-ਹਵਾ, ‘ਮੱਧ ਸ਼੍ਰੇਣੀ’ ’ਚ ਪੁੱਜੀ ਹਵਾ ਗੁਣਵੱਤਾ
Monday, Jan 04, 2021 - 01:34 PM (IST)
ਨਵੀਂ ਦਿੱਲੀ (ਭਾਸ਼ਾ)— ਮੀਂਹ ਅਤੇ ਤੇਜ਼ ਹਵਾਵਾਂ ਦੇ ਬਾਅਦ ਸੋਮਵਾਰ ਸਵੇਰੇ ਨੂੰ ਦਿੱਲੀ ’ਚ ਹਵਾ ਦੀ ਗੁਣਵੱਤਾ ਠੀਕ ਹੋ ਕੇ ‘ਮੱਧ’ ਸ਼੍ਰੇਣੀ ਵਿਚ ਪਹੁੰਚ ਗਈ। ਮੌਸਮ ਦਾ ਪੂਰਵ ਅਨੁਮਾਨ ਲਾਉਣ ਵਾਲੀ ਇਕ ਸਰਕਾਰੀ ਏਜੰਸੀ ਨੇ ਕਿਹਾ ਹੈ ਕਿ ਅੱਗੇ ਹਵਾ ਦੀ ਗੁਣਵੱਤਾ ਬਿਹਤਰ ਹੋ ਕੇ ‘ਤਸੱਲੀਬਖ਼ਸ਼’ ਸ਼੍ਰੇਣੀ ’ਚ ਪਹੁੰਚਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) ਸਵੇਰੇ 10 ਵਜੇ ਦੇ ਕਰੀਬ 148 ਦਰਜ ਕੀਤਾ ਗਿਆ। ਐਤਵਾਰ ਨੂੰ ਪਿਛਲੇ 24 ਘੰਟਿਆਂ ’ਚ ਸੂਚਕਾਂਕ 354 ਅਤੇ ਸ਼ਨੀਵਾਰ ਨੂੰ 443 ਦਰਜ ਕੀਤਾ ਗਿਆ ਸੀ।
ਸੂਚਕਾਂਕ ਮੁਤਾਬਕ 0 ਤੋਂ 50 ਦਰਮਿਆਨ ਏਅਰ ਕੁਆਲਿਟੀ ਇੰਡੈਕਸ ਨੂੰ ‘ਚੰਗਾ’, 51 ਤੋਂ 100 ਦਰਮਿਆਨ ‘ਤਸੱਲੀਬਖ਼ਸ਼’, 100 ਤੋਂ 200 ਦਰਮਿਆਨ ‘ਮੱਧ’, 201 ਤੋਂ 300 ਦਰਮਿਆਨ ‘ਖਰਾਬ’, 301 ਤੋਂ 400 ਦਰਮਿਆਨ ‘ਬੇਹੱਦ ਖਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ।
ਮੌਸਮ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਦਿੱਲੀ ਵਿਚ ਤੇਜ਼ ਮੀਂਹ ਅਤੇ ਪ੍ਰਤੀ ਘੰਟੇ 30 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਹਵਾਵਾਂ ਕਾਰਨ ਪ੍ਰਦੂਸ਼ਕ ਤੱਤ ਦਾ ਖਿੰਡਾ ਹੋਇਆ। ਸੋਮਵਾਰ ਨੂੰ ਵੀ ਮੀਂਹ ਪੈਣ ਦਾ ਅਨੁਮਾਨ ਹੈ ਅਤੇ ਪ੍ਰਤੀ ਘੰਟੇ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਦਿੱਲੀ ਲਈ ਹਵਾ ਗੁਣਵੱਤਾ ਪੂਰਨ ਚਿਤਾਵਨੀ ਪ੍ਰਣਾਲੀ ਨੇ ਕਿਹਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਏਅਰ ਕੁਆਲਿਟੀ ਇੰਡੈਕਸ ਦੇ ‘ਮੱਧ’ ਸ਼੍ਰੇਮੀ ਵਿਚ ਰਹਿਣ ਦਾ ਅਨੁਮਾਨ ਹੈ।