ਵਿਦਿਆਰਥੀਆਂ ਲਈ ਆਫ਼ਤ ਬਣਿਆ ਮੀਂਹ ! ਗੋਡਿਆਂ ਤੱਕ ਆਇਆ ਪਾਣੀ, ਸਿਰ ''ਤੇ ਬਸਤੇ ਰੱਖ ਜਾ ਰਹੇ ਸਕੂਲ
Thursday, Jul 03, 2025 - 11:27 AM (IST)

ਨੈਸ਼ਨਲ ਡੈਸਕ- ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਇਸ ਸਮੇਂ ਮੀਂਹ ਪੈ ਰਿਹਾ ਹੈ। ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਥਾਂ-ਥਾਂ ਹੜ੍ਹ ਵਰਗੀ ਸਥਿਤੀ ਨੇ ਲੋਕਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਨਦੀਆਂ ਅਤੇ ਨਾਲਿਆਂ ਦਾ ਪਾਣੀ ਸੜਕਾਂ 'ਤੇ ਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਮੀਂਹ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਓਡੀਸ਼ਾ ਵਿਚ ਬੀਤੇ ਕੁਝ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਨੌਕਰੀ ਪੇਸ਼ੇ ਵਾਲੇ ਲੋਕ ਹੋਣ ਜਾਂ ਸਕੂਲੀ ਬੱਚੇ ਸਾਰੇ ਹੜ੍ਹ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਹਨ।
ਹੜ੍ਹ ਅਤੇ ਥਾਂ-ਥਾਂ ਸੜਕਾਂ 'ਤੇ ਪਾਣੀ ਭਰ ਜਾਣ ਦਾ ਅਸਰ ਬੱਚਿਆਂ ਦੀ ਸਿੱਖਿਆ 'ਤੇ ਪੈ ਰਿਹਾ ਹੈ। ਖ਼ਾਸ ਤੌਰ 'ਤੇ ਜੋ ਪੇਂਡੂ ਇਲਾਕੇ ਤੋਂ ਬੱਚੇ ਆਉਂਦੇ ਹਨ, ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਝਲਣੀ ਪੈ ਰਹੀ ਹੈ, ਕਿਉਂਕਿ ਉੱਥੇ ਵਿਵਸਥਾਵਾਂ ਦੀ ਘਾਟ ਰਹਿੰਦੀ ਹੈ। ਗੋਡਿਆਂ ਤੱਕ ਭਰੇ ਪਾਣੀ ਵਿਚ ਬੱਚੇ ਆਪਣੇ ਸਿਰ 'ਤੇ ਬਸਤੇ ਨੂੰ ਰੱਖ ਕੇ ਸਕੂਲ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕ ਅਜਿਹੇ ਜੁਗਾੜ ਲਾ ਰਹੇ ਹਨ, ਤਾਂ ਜੋ ਪਾਣੀ ਵਾਲੀਆਂ ਥਾਵਾਂ ਨੂੰ ਪਾਰ ਕੀਤਾ ਜਾ ਸਕੇ। ਕੁਝ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਕੁਝ ਲੋਕਾਂ ਵਲੋਂ ਟਿਊਬ 'ਤੇ ਮੰਜੀ ਰੱਖ ਕੇ ਪਾਣੀ ਵਾਲੀਆਂ ਥਾਵਾਂ ਨੂੰ ਪਾਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਓਡੀਸ਼ਾ ਵਿਚ ਮੀਂਹ ਦੀ ਵਜ੍ਹਾ ਤੋਂ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਮੋਹਲੇਧਾਰ ਮੀਂਹ ਮਗਰੋਂ ਕਈ ਇਲਾਕੇ ਪੂਰੀ ਤਰ੍ਹਾਂ ਡੁੱਬੇ ਹੋਏ ਨਜ਼ਰ ਆ ਰਹੇ ਹਨ। ਮੀਂਹ ਕਾਰਨ ਕਈ ਇਲਾਕਿਆਂ ਵਿਚ ਸੜਕਾਂ ਅਤੇ ਪੁਲ ਟੁੱਟ ਗਏ ਹਨ। ਹਾਲਾਤ ਅਜਿਹੇ ਬਣ ਗਏ ਹਨ ਕਿ ਕਈ ਥਾਈਂ ਲੋਕਾਂ ਨੂੰ ਕਿਸ਼ਤੀ ਜ਼ਰੀਏ ਰਾਸ਼ਨ ਲੈਣ ਜਾਣਾ ਪੈ ਰਿਹਾ ਹੈ।