ਪੜ੍ਹਾਈ ਲਈ ਜਾਨ ਖ਼ਤਰੇ ''ਚ ਪਾ ਰਹੇ ਵਿਦਿਆਰਥੀ, ਨਦੀ ''ਚ ਤੈਰ ਕੇ ਪਹੁੰਚ ਰਹੇ ਸਕੂਲ

Tuesday, Jul 15, 2025 - 12:24 AM (IST)

ਪੜ੍ਹਾਈ ਲਈ ਜਾਨ ਖ਼ਤਰੇ ''ਚ ਪਾ ਰਹੇ ਵਿਦਿਆਰਥੀ, ਨਦੀ ''ਚ ਤੈਰ ਕੇ ਪਹੁੰਚ ਰਹੇ ਸਕੂਲ

ਖੂੰਟੀ, (ਭਾਸ਼ਾ)- ਅਗਲੇ ਸਾਲ ਬੋਰਡ ਦੀ ਪ੍ਰੀਖਿਆ ’ਚ ਬੈਠਣ ਨੂੰ ਤਿਆਰ 15 ਸਾਲਾ ਸੁਨੀਤਾ ਹੋਰੋ (ਬਦਲਿਆ ਹੋਇਆ ਨਾਂ) ਸਕੂਲ ਪਹੁੰਚਣ ਲਈ ਬਨਈ ਨਦੀ ਦੇ ਇਕ ਹਿੱਸੇ ਨੂੰ ਤੈਰ ਕੇ ਪਾਰ ਕਰਨ ਲਈ ਮਜਬੂਰ ਹੈ ਕਿਉਂਕਿ ਝਾਰਖੰਡ ਦੇ ਖੂੰਟੀ ਜ਼ਿਲੇ ਵਿਚ ਸਥਿਤ ਉਸਦੇ ਪਿੰਡ ਨੂੰ ਜੋੜਨ ਵਾਲਾ ਇਕਲੌਤਾ ਪੁਲ ਹਾਲ ਹੀ ਵਿਚ ਢਹਿ ਗਿਆ ਹੈ।

ਪੇਲੋਲ ਪਿੰਡ ਨੇੜੇ ਰਾਂਚੀ-ਖੂੰਟੀ-ਸਿਮਡੇਗਾ ਮਾਰਗ ਨੂੰ ਜੋੜਨ ਵਾਲਾ ਪੁਲ 2007 ਵਿਚ 1.30 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। 19 ਜੂਨ ਨੂੰ ਭਾਰੀ ਮੀਂਹ ਦੌਰਾਨ ਪਹੁੰਚ ਮਾਰਗ ਨੂੰ ਸਹਾਰਾ ਦੇਣ ਵਾਲੇ ਇਕ ਥੰਮ੍ਹ ਦੇ ਝੁੱਕ ਜਾਣ ਨਾਲ ਇਹ ਪੁਲ ਇਕ ਪਾਸੇ ਤੋਂ ਢਹਿ ਗਿਆ।

ਸੁਨੀਤਾ ਨੇ ਦੱਸਿਆ ਕਿ ਸ਼ੁਰੂ ਵਿਚ ਮੈਂ ਬਾਂਸ ਦੀ ਉਸ ਪੌੜੀ ਦੀ ਵਰਤੋਂ ਕੀਤੀ ਜਿਸਦਾ ਪ੍ਰਬੰਧ ਪਿੰਡ ਵਾਸੀਆਂ ਨੇ ਪੁਲ ਦੇ ਨੁਕਸਾਨੇ ਹੋਏ ਹਿੱਸੇ ਨੂੰ ਮੁੱਖ ਢਾਂਚੇ ਨਾਲ ਜੋੜਨ ਲਈ ਕੀਤਾ ਸੀ। ਬਾਅਦ ਵਿਚ, ਪ੍ਰਸ਼ਾਸਨ ਨੇ ਇਸਨੂੰ ਖਤਰਨਾਕ ਦੱਸਦੇ ਹੋਏ ਇਸਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ। ਪੇਲੋਲ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਸੁਨੀਤਾ ਹੁਣ ਹਫ਼ਤੇ ਵਿਚ ਸਿਰਫ਼ ਇਕ ਜਾਂ ਦੋ ਵਾਰ ਸਕੂਲ ਜਾਂਦੀ ਹੈ। ਉਹ ਕਹਿੰਦੀ ਹੈ ਕਿ ਸਕੂਲ ਪਹੁੰਚਣ ਲਈ ਮੇਰੇ ਕੋਲ ਨਦੀ ਦੇ ਇਕ ਹਿੱਸੇ ਨੂੰ ਤੈਰ ਕੇ ਪਾਰ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ। ਮੈਂ ਤੈਰਾਕੀ ਕਰਦੇ ਸਮੇਂ ਆਪਣਾ ਸਕੂਲ ਬੈਗ ਆਪਣੇ ਸਿਰ ’ਤੇ ਰੱਖਦੀ ਹਾਂ, ਪਰ ਮੇਰੇ ਕੱਪੜੇ ਪੂਰੀ ਤਰ੍ਹਾਂ ਭਿੱਜ ਜਾਂਦੇ ਹਨ। ਇਸ ਲਈ, ਮੈਂ ਘਰ ਤੋਂ ਵਾਧੂ ਕੱਪੜੇ ਲੈ ਕੇ ਜਾਂਦੀ ਹਾਂ।

ਸੁਨੀਤਾ ਇਕੱਲੀ ਨਹੀਂ ਹੈ। ਬੋਰਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਉਸਦੇ ਕਈ ਸਹਿਪਾਠੀ ਅਤੇ ਅੰਗਾਰਬਾਰੀ ਪਿੰਡ ਦੇ ਹੋਰ ਵਿਦਿਆਰਥੀ ਵੀ ਪੜ੍ਹਾਈ ਲਈ ਇਹੋ ਜੋਖਮ ਭਰਿਆ ਰਸਤਾ ਅਪਣਾ ਰਹੇ ਹਨ। ਸੁਨੀਤਾ ਦੀ ਇਕ ਦੋਸਤ ਰੀਤਾ ਪ੍ਰਧਾਨ (ਬਦਲਿਆ ਹੋਇਆ ਨਾਂ) ਨੇ ਦੱਸਿਆ ਕਿ ਜ਼ਿਆਦਾਤਰ ਅਸੀਂ ਗਿੱਲੇ ਕੱਪੜਿਆਂ ’ਚ ਘਰ ਪਰਤਦੇ ਹਾਂ, ਇਸ ਲਈ ਅਗਲੇ ਦਿਨ ਸਕੂਲ ਨਹੀਂ ਸਕਦੇ।


author

Rakesh

Content Editor

Related News