ਰੇਲਵੇ ਦੀ ਵੱਡੀ ਕਾਰਵਾਈ; ਇਕ ਦਿਨ ’ਚ 19 ਸੀਨੀਅਰ ਅਧਿਕਾਰੀਆਂ ਨੂੰ ਨੌਕਰੀ ’ਚੋਂ ਕੱਢਿਆ

05/12/2022 9:43:13 AM

ਨਵੀਂ ਦਿੱਲੀ (ਸੁਨੀਲ ਪਾਂਡੇ)- ਹੁਣ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਅਧਿਕਾਰੀ ਅਤੇ ਕਰਮਚਾਰੀ ਭਾਰਤੀ ਰੇਲਵੇ ਵਿਚ ਨੌਕਰੀ ਨਹੀਂ ਕਰ ਸਕਣਗੇ। ਰੇਲਵੇ ਮੰਤਰਾਲਾ ਨੇ ਇਨ੍ਹਾਂ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਇਕ ਦਿਨ ’ਚ ਰੇਲ ਮੰਤਰਾਲਾ ਨੇ ਪੂਰੇ ਦੇਸ਼ ’ਚ 19 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ।

ਇਨ੍ਹਾਂ ਵਿੱਚ ਜੁਆਇੰਟ ਸਕੱਤਰ ਪੱਧਰ ਦੇ 10 ਉੱਚ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਖਿਲਾਫ ਕਈ ਤਰ੍ਹਾਂ ਦੇ ਦੋਸ਼ ਸਨ। ਜਾਂਚ ਅਤੇ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਸੀ। ਭਾਰਤੀ ਰੇਲਵੇ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇਕ ਦਿਨ ’ਚ ਇੰਨੇ ਵੱਡੇ ਪੱਧਰ ’ਤੇ ਅਫਸਰਾਂ ਨੂੰ ਨੌਕਰੀ ’ਚੋਂ ਕੱਢਿਆ ਗਿਆ ਹੋਵੇ। ਇਹ ਸਾਰੇ ਕਰਮਚਾਰੀ ਵੱਖ-ਵੱਖ ਉਤਪਾਦਨ ਇਕਾਈਆਂ, ਜ਼ੋਨਲ ਰੇਲਵੇ ਤੇ ਅੰਡਰਟੇਕਿੰਗਜ਼ ਨਾਲ ਜੁੜੇ ਹੋਏ ਸਨ।
11 ਮਹੀਨਿਆਂ ’ਚ 77 ਅਧਿਕਾਰੀ ਜਬਰੀ ਸੇਵਾਮੁਕਤ ਹੋਏ-
ਇਸ ਤੋਂ ਇਲਾਵਾ 11 ਮਹੀਨਿਆਂ ’ਚ ਦੇਸ਼ ਦੇ 77 ਉੱਚ ਅਧਿਕਾਰੀਆਂ ਨੂੰ ਜ਼ਬਰੀ ਸੇਵਾਮੁਕਤ ਕਰ ਦਿੱਤਾ ਗਿਆ। ਇਨ੍ਹਾਂ ’ਚ ਇਕ ਜਨਰਲ ਮੈਨੇਜਰ, 2 ਸਕੱਤਰ (ਬੋਰਡ ਮੈਂਬਰ) ਸ਼ਾਮਲ ਹਨ। ਜ਼ਬਰਦਸਤੀ ਘਰ ਭੇਜਣ ਦੀ ਕਾਰਵਾਈ ਜੁਲਾਈ 2021 ਤੋਂ ਮਈ 2022 ਦਰਮਿਆਨ ਕੀਤੀ ਗਈ। ਰੇਲਵੇ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ 77 ਅਧਿਕਾਰੀਆਂ ਨੂੰ ਕੁਸ਼ਲਤਾ ਦੀ ਘਾਟ ਅਤੇ ਭ੍ਰਿਸ਼ਟਾਚਾਰ ਆਦਿ ਕਾਰਨ ਪਹਿਲਾਂ ਹੀ ਸਵੈ-ਇੱਛੁਕ ਸੇਵਾਮੁਕਤੀ ’ਤੇ ਘਰ ਭੇਜ ਦਿੱਤਾ ਗਿਆ ਸੀ। ਰੇਲਵੇ ਮੰਤਰਾਲਾ ਦੀ ਕਾਰਵਾਈ ਨੂੰ ਲੈ ਕੇ ਪ੍ਰਬੰਧਕੀ ਗਲਿਆਰਿਆਂ ’ਚ ਹਲ-ਚਲ ਮਚ ਗਈ ਹੈ। ਕੇਂਦਰ ਸਰਕਾਰ ਦੇ ਕਿਸੇ ਵੀ ਵਿਭਾਗ ’ਚ ਇੰਨੀ ਵੱਡੇ ਪੱਧਰ ’ਤੇ ਅਫ਼ਸਰਾਂ ਖ਼ਿਲਾਫ਼ ਪਹਿਲਾਂ ਕਦੇ ਵੀ ਕਾਰਵਾਈ ਨਹੀਂ ਹੋਈ।

ਕਿੱਥੋਂ ਬਰਖਾਸਤ ਹੋਏ ਅਧਿਕਾਰੀ-
ਰੇਲਵੇ ਮੰਤਰਾਲਾ ਵੱਲੋਂ ਬੁੱਧਵਾਰ ਕੱਢੇ ਗਏ 19 ਅਧਿਕਾਰੀਆਂ ਅਤੇ ਕਰਮਚਾਰੀਆਂ ’ਚ ਪੱਛਮੀ ਰੇਲਵੇ ਦੇ ਨਾਗਪੁਰ ਡਿਵੀਜ਼ਨ ,ਪੱਛਮੀ ਰੇਲਵੇ, ਕੋਰ ਇਲਾਹਾਬਾਦ, ਐੱਮ. ਸੀ. ਐੱਫ. ਕੋਚ ਫੈਕਟਰੀ ਰਾਏਬਰੇਲੀ, ਕੇਂਦਰੀ ਰੇਲਵੇ, ਐੱਨ. ਐੱਫ. ਰੇਲਵੇ, ਸੀ. ਐੱਲ. ਡਬਲਯੂ., ਦੱਖਣੀ ਮੱਧ ਰੇਲਵੇ, ਐੱਨ.ਐੱਫ. ਰੇਲਵੇ, ਪੂਰਬੀ ਰੇਲਵੇ ਦੀ ਮਾਲਦਾ ਡਿਵੀਜ਼ਨ , ਐੱਸ.ਡਬਲਿਊ.ਆਰ. ਵਾਰਾਣਸੀ, ਉੱਤਰੀ ਮੱਧ ਰੇਲਵੇ ਇਲਾਹਾਬਾਦ, ਆਰ. ਡੀ.ਐਸ.ਓ. ਲਖਨਊ ਅਤੇ ਆਰ. ਸੀ. ਐਫ. ਤੋਂ ਅਧਿਕਾਰੀ ਸ਼ਾਮਲ ਹਨ।


Tanu

Content Editor

Related News