ਸ਼੍ਰੀਨਗਰ ’ਚ ਜਮਾਤ-ਏ-ਇਸਲਾਮੀ ਨਾਲ ਸਬੰਧਤ ਤੱਤਾਂ ਦੇ 300 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ
Wednesday, Nov 12, 2025 - 10:22 PM (IST)
ਜੰਮੂ/ਸ਼੍ਰੀਨਗਰ (ਅਰੁਣ)-ਅੱਤਵਾਦ ਦੇ ਮਾਹੌਲ ਅਤੇ ਇਸਦੇ ਸਮਰਥਕ ਨੈੱਟਵਰਕ ਨੂੰ ਖਤਮ ਕਰਨ ਦੀ ਕੋਸ਼ਿਸ਼ ’ਚ ਕਸ਼ਮੀਰ ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ. ਈ. ਐੱਮ.) ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਟਿਕਾਣਿਆਂ ’ਤੇ ਸ਼ੋਪੀਆਂ, ਗੰਦੇਰਬਲ, ਅਵੰਤੀਪੋਰਾ, ਕੁਲਗਾਮ ਅਤੇ ਅਨੰਤਨਾਗ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜਮਾਤ-ਏ-ਇਸਲਾਮੀ ’ਤੇ ਗੈਰ-ਕਾਨੂੰਨੀ ਗਤੀਵਿਧੀ ਰੋਕੂ ਐਕਟ (ਯੂ. ਏ. ਪੀ. ਏ.) ਦੇ ਤਹਿਤ ਪਾਬੰਦੀ ਲਗਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਵਿਚ ਬੈਨ ਜਮਾਤ-ਏ-ਇਸਲਾਮੀ ਨਾਲ ਜੁੜੇ ਲੋਕਾਂ ਨਾਲ ਸਬੰਧਤ 300 ਤੋਂ ਵੱਧ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ ਗਈ।
ਅਧਿਕਾਰੀਆਂ ਮੁਤਾਬਕ ਪਿਛਲੇ 4 ਦਿਨਾਂ ਦੌਰਾਨ ਵਾਦੀ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿਣ ਵਾਲੇ ਅਤੇ ਪਾਕਿਸਤਾਨ ਵਿਚ ਬੈਠ ਕੇ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਹਵਾ ਦੇਣ ਵਾਲੇ ਤੱਤਾਂ ਖਿਲਾਫ ਸੁਰੱਖਿਆ ਫੋਰਸਾਂ ਵੱਲੋਂ 400 ਤੋਂ ਵੱਧ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ (ਕਾਸੋ) ਚਲਾਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਹਿੰਮਾਂ ਦੌਰਾਨ ਜੇ. ਈ. ਐੱਮ. ਸਮੇਤ ਹੋਰ ਕਈ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਲੱਗਭਗ 500 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।
