ED ਦਾ ਵੱਡਾ ਐਕਸ਼ਨ! ਅਧਿਆਪਕ ਭਰਤੀ ਘਪਲੇ ''ਚ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਘਰ ਛਾਪਾ
Thursday, Jun 04, 2026 - 08:54 AM (IST)
ਕੋਲਕਾਤਾ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵਿਧਾਨ ਸਭਾ 'ਚ ਹੋਏ ਕਥਿਤ ਫਰਜ਼ੀ ਦਸਤਖਤ ਵਿਵਾਦ 'ਚ ਰਾਜ ਸੀ. ਆਈ. ਡੀ. ਵੱਲੋਂ ਆਉਣ ਵਾਲੇ ਸੋਮਵਾਰ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉਨ੍ਹਾਂ ਖ਼ਿਲਾਫ ਸ਼ਿਕੰਜਾ ਕੱਸ ਦਿੱਤਾ ਹੈ।
ਕਰੋੜਾਂ ਰੁਪਏ ਦੇ ਬਹੁ-ਚਰਚਿਤ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ ਦੇ ਮਾਮਲੇ 'ਚ ਪੁੱਛਗਿੱਛ ਲਈ ਈ. ਡੀ. ਦੇ ਅਧਿਕਾਰੀਆਂ ਦੀ ਇਕ ਟੀਮ ਅਭਿਸ਼ੇਕ ਬੈਨਰਜੀ ਦੀ ਕੋਲਕਾਤਾ ਸਥਿਤ ਕਾਲੀਘਾਟ ਰਿਹਾਇਸ਼ ’ਤੇ ਪਹੁੰਚ ਗਈ। ਕੇਂਦਰੀ ਜਾਂਚ ਏਜੰਸੀ ਦੀ ਇਸ ਤੁਰੰਤ ਕਾਰਵਾਈ ਕਾਰਨ ਤ੍ਰਿਣਮੂਲ ਖੇਮੇ ਵਿਚ ਭਾਰੀ ਹਲਚਲ ਮਚ ਗਈ ਹੈ। ਈ. ਡੀ. ਦੇ 2 ਸੀਨੀਅਰ ਅਧਿਕਾਰੀ ਬੁੱਧਵਾਰ ਦੁਪਹਿਰ ਪਹਿਲਾਂ ਅਭਿਸ਼ੇਕ ਬੈਨਰਜੀ ਦੀ ਦੂਜੀ ਰਿਹਾਇਸ਼ ‘ਸ਼ਾਂਤੀਨਿਕੇਤਨ’ ਪਹੁੰਚੇ ਸਨ ਪਰ ਉੱਥੇ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਦੀ ਗੈਰ-ਮੌਜੂਦਗੀ ਦੀ ਸੂਚਨਾ ਮਿਲਣ ’ਤੇ ਟੀਮ ਤੁਰੰਤ ਉਨ੍ਹਾਂ ਦੇ ਕਾਲੀਘਾਟ ਸਥਿਤ ਜੱਦੀ ਘਰ ਵੱਲ ਰਵਾਨਾ ਹੋ ਗਈ।
ਜਿਸ ਸਮੇਂ ਕੇਂਦਰੀ ਅਧਿਕਾਰੀ ਉੱਥੇ ਪਹੁੰਚੇ, ਉਸ ਸਮੇਂ ਅਭਿਸ਼ੇਕ ਬੈਨਰਜੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੱਦੀ ਗਈ ਇਕ ਮਹੱਤਵਪੂਰਨ ਜਥੇਬੰਦਕ ਮੀਟਿੰਗ 'ਚ ਸ਼ਾਮਲ ਹੋਣ ਗਏ ਹੋਏ ਸਨ। ਇਸ ਕਾਰਨ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੂੰ ਕਾਫ਼ੀ ਦੇਰ ਤੱਕ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਉਡੀਕ ਕਰਨੀ ਪਈ।
