ਰਾਹੁਲ ਨੇ DTC ਕਰਮਚਾਰੀਆਂ ਨਾਲ ਗੱਲਬਾਤ ਦਾ ਵੀਡੀਓ ਕੀਤਾ ਸਾਂਝਾ

Monday, Sep 02, 2024 - 02:31 PM (IST)

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਡੀਟੀਸੀ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਜੋ ਲੋਕ ਹਰ ਰੋਜ਼ ਲੱਖਾਂ ਮੁਸਾਫਰਾਂ ਦੀ ਯਾਤਰਾ ਨੂੰ ਸੌਖਾ ਬਣਾਉਂਦੇ ਹਨ, ਉਨ੍ਹਾਂ ਨੂੰ ਬਦਲੇ ਵਿਚ ਸਿਰਫ਼ 'ਅਨਿਆਂ' ਦਾ ਸਾਹਮਣਾ ਕਰਨਾ ਪੈਂਦਾ ਹੈ। ਦਿੱਲੀ ਟਰਾਂਸਪੋਰਟ ਸੇਵਾ (ਡੀਟੀਸੀ) ਦੇ ਕਰਮਚਾਰੀਆਂ ਨਾਲ ਆਪਣੀ ਗੱਲਬਾਤ ਅਤੇ ਪਿਛਲੇ ਹਫ਼ਤੇ ਆਪਣੀ ਬੱਸ ਯਾਤਰਾ ਦਾ ਵੀਡੀਓ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਡੀਟੀਸੀ ਕਰਮਚਾਰੀ ਸਰਕਾਰ ਨੂੰ ਪੁੱਛ ਰਹੇ ਹਨ ਕਿ ਜੇਕਰ ਉਹ ਸਥਾਈ ਨਾਗਰਿਕ ਹਨ ਤਾਂ ਉਨ੍ਹਾਂ ਦੀਆਂ ਨੌਕਰੀਆਂ ਅਸਥਾਈ ਕਿਉਂ ਹਨ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕੁਝ ਦਿਨਾਂ ਪਹਿਲੇ ਦਿੱਲੀ 'ਚ ਇਕ ਸੁਖ਼ਦ ਬੱਸ ਯਾਤਰਾ ਦੇ ਅਨੁਭਵ ਨਾਲ ਡੀਟੀਸੀ ਕਰਮਚਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ।'' ਉਨ੍ਹਾਂ ਕਿਹਾ,''ਨਾ ਸਮਾਜਿਕ ਸੁਰੱਖਿਆ, ਨਾ ਸਥਿਰ ਆਮਦਨ ਅਤੇ ਨਾ ਹੀ ਸਥਾਈ ਨੌਕਰੀ...। ਠੇਕੇ 'ਤੇ ਮਜ਼ਦੂਰੀ ਨੇ ਇਕ ਵੱਡੀ ਜ਼ਿੰਮੇਵਾਰੀ ਦੇ ਕੰਮ ਨੂੰ ਮਜ਼ਬੂਰੀ ਦੇ ਮੁਕਾਮ 'ਤੇ ਪਹੁੰਚਾ ਦਿੱਤਾ ਹੈ।'' ਰਾਹੁਲ ਗਾਂਧੀ ਨੇ ਕਿਹਾ ਕਿ ਡਰਾਈਵਰ ਅਤੇ ਕੰਡਕਟਰਾਂ ਨੂੰ ਬੇਨਿਯਮੀ ਦੇ ਹਨ੍ਹੇਰੇ 'ਚ ਜਿਊਂਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਲਗਾਤਾਰ ਤਾਇਨਾਤ ਹੋਮ ਗਾਰਡ 6 ਮਹੀਨੇ ਤੋਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅਣਦੇਖੀ ਤੋਂ ਪੀੜਤ ਹੋ ਕੇ ਦੇਸ਼ ਭਰ ਦੇ ਸਰਕਾਰੀ ਕਰਮਚਾਰੀਆਂ ਦੀ ਤਰ੍ਹਾਂ ਡੀਟੀਸੀ ਕਰਮਚਾਰੀ ਵੀ ਲਗਾਤਾਰ ਨਿੱਜੀਕਰਨ ਦੇ ਡਰ ਦੇ ਸਾਏ 'ਚ ਜੀਅ ਰਹੇ ਹਨ।

 

ਉਨ੍ਹਾਂ ਕਿਹਾ,''ਇਹ ਉਹ ਲੋਕ ਹਨ ਜੋ ਭਾਰਤ ਨੂੰ ਚਲਾਉਂਦੇ ਹਨ। ਉਹ ਹਰ ਰੋਜ਼ ਲੱਖਾਂ ਯਾਤਰੀਆਂ ਦੀ ਯਾਤਰਾ ਨੂੰ ਆਸਾਨ ਬਣਾਉਂਦੇ ਹਨ- ਪਰ ਉਨ੍ਹਾਂ ਦੇ ਸਮਰਪਣ ਦੇ ਬਦਲੇ ਉਨ੍ਹਾਂ ਨੂੰ ਕੁਝ ਮਿਲਿਆ ਹੈ ਤਾਂ ਉਹ ਸਿਰਫ਼ ਅਨਿਆਂ। ਮੰਗਾਂ ਸਪੱਸ਼ਟ ਹਨ- ਬਰਾਬਰ ਕੰਮ, ਬਰਾਬਰ ਤਨਖਾਹ, ਪੂਰਾ ਇਨਸਾਫ!'' ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਮੁਲਾਜ਼ਮ ਭਾਰੀ ਅਤੇ ਦੁਖੀ ਹਿਰਦੇ ਨਾਲ ਸਰਕਾਰ ਨੂੰ ਪੁੱਛ ਰਹੇ ਹਨ ਕਿ ਜੇਕਰ ਉਹ ਠੋਸ ਨਾਗਰਿਕ ਹਨ ਤਾਂ ਉਨ੍ਹਾਂ ਦੀਆਂ ਨੌਕਰੀਆਂ ਕੱਚੀਆਂ ਕਿਉਂ ਹਨ? ਵੀਡੀਓ 'ਚ ਰਾਹੁਲ ਗਾਂਧੀ ਡਰਾਈਵਰ ਨਾਲ ਉਬੇਰ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਡਰਾਈਵਰ ਨਾਲ ਉਨ੍ਹਾਂ ਨੇ ਕੁਝ ਦਿਨ ਪਹਿਲੇ ਯਾਤਰਾ ਕੀਤੀ ਸੀ ਅਤੇ ਬਾਅਦ 'ਚ ਸਰੋਜਨੀ ਨਗਰ ਬੱਸ ਡਿਪੋ ਕੋਲ ਉਸ ਸਥਾਨ 'ਤੇ ਗਿਗ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਰੇਖਾਂਕਿਤ ਕਰਦੇ ਹੋਏ ਇਕ ਵੀਡੀਓ ਜਾਰੀ ਕੀਤਾ ਸੀ। ਉਨ੍ਹਾਂ ਨੇ ਪਿਛਲੇ ਬੁੱਧਵਾਰ ਨੂੰ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨਾਲ ਗੱਲਬਾਤ ਕੀਤੀ ਸੀ। ਰਾਹੁਲ ਨੇ ਇਕ ਫੇਸਬੁੱਕ ਪੋਸਟ 'ਚ ਆਪਣੀ ਗੱਲਬਾਤ ਅਤੇ ਬੱਸ 'ਚ ਸਫ਼ਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਸੀ,''ਡਰਾਈਵਰ ਅਤੇ ਕਡੰਕਟਰ ਭਰਾਵੋ ਅਤੇ ਦਿੱਲੀ 'ਚ ਬੱਸ ਮਾਰਸ਼ਲਾਂ ਨਾਲ ਇਕ ਬੈਠਕ ਅਤੇ ਚਰਚਾ ਹੋਈ ਅਤੇ ਫਿਰ ਡੀਟੀਸੀ ਦੀ ਬੱਸ 'ਚ ਇਕ ਮਜ਼ੇਦਾਰ ਸਵਾਰੀ ਹੋਈ। ਆਪਣੇ ਪ੍ਰਿਯਜਨਾਂ ਨਾਲ ਉਨ੍ਹਾਂ ਦੇ ਮੁੱਦਿਆਂ 'ਤੇ ਗੱਲ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News