ਰਾਹੁਲ ਨੇ ਦਲਿਤ ਪਰਿਵਾਰ ਨਾਲ ਬਣਾਇਆ ਖਾਣਾ, ਵੀਡੀਓ ਕੀਤੀ ਸਾਂਝੀ
Tuesday, Oct 08, 2024 - 11:13 AM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੇਸ਼ ’ਚ ਸਮਾਵੇਸ਼ ਅਤੇ ਬਰਾਬਰੀ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਬਹੁਜਨ ਨੂੰ ਹਿੱਸੇਦਾਰੀ ਅਤੇ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਰੱਖਿਆ ਕਰੇਗੀ। ਉਨ੍ਹਾਂ ਮਹਾਰਾਸ਼ਟਰ ਦੇ ਕੋਲ੍ਹਾਪੁਰ ’ਚ ‘ਦਲਿਤ ਕਿਚਨ’ ਦੇ ਆਪਣੇ ਦੌਰੇ ਦੀ ਇਕ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ। ਇਸ ਵੀਡੀਓ ’ਚ ਉਹ ਖਾਣਾ ਬਣਾਉਣ ’ਚ ਮਦਦ ਕਰਦੇ ਵੇਖੇ ਜਾ ਸਕਦੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਦਲਿਤ ਕਿਚਨ ਬਾਰੇ ਅੱਜ ਵੀ ਬਹੁਤ ਘੱਟ ਲੋਕ ਜਾਣਦੇ ਹਨ। ਜਿਵੇਂ ਸ਼ਾਹੂ ਪਟੋਲੇ ਜੀ (ਦਲਿਤ ਕਿਚਨ ਨਾਲ ਜੁੜੇ) ਨੇ ਕਿਹਾ ਕਿ ਦਲਿਤ ਕੀ ਖਾਂਦੇ ਹਨ, ਕੋਈ ਨਹੀਂ ਜਾਣਦਾ। ਉਹ ਕੀ ਖਾਂਦੇ ਹਨ, ਕਿਵੇਂ ਪਕਾਉਂਦੇ ਹਨ ਅਤੇ ਇਸ ਦਾ ਸਮਾਜਿਕ ਅਤੇ ਸਿਆਸੀ ਮਹੱਤਵ ਕੀ ਹੈ, ਇਸ ਉਤਸੁਕਤਾ ਨਾਲ ਮੈਂ ਅਜੇ ਤੁਕਾਰਾਮ ਸਨਦੇ ਜੀ ਅਤੇ ਅੰਜਨਾ ਤੁਕਾਰਾਮ ਸਨਦੇ ਜੀ ਨਾਲ ਇਕ ਦੁਪਹਿਰ ਗੁਜ਼ਾਰੀ।
ਉਨ੍ਹਾਂ ਦਾ ਕਹਿਣਾ ਸੀ ਕਿ ਕੋਲ੍ਹਾਪੁਰ, ਮਹਾਰਾਸ਼ਟਰ ’ਚ ਮੈਨੂੰ ਆਪਣੇ ਘਰ ਸਨਮਾਨ ਨਾਲ ਸੱਦ ਕੇ ਰਸੋਈ ’ਚ ਹੱਥ ਵੰਡਾਉਣ ਦਾ ਮੌਕਾ ਦਿੱਤਾ। ਅਸੀਂ ਮਿਲ ਕੇ ਛੌਲਿਆਂ ਦੇ ਸਾਗ ਦੀ ਸਬਜ਼ੀ ‘ਹਰਭਿਆਚੀ ਭਾਜੀ’ ਅਤੇ ਬੈਂਗਨ ਦੇ ਨਾਲ ਅਰਹਰ ਦੀ ਦਾਲ ਬਣਾਈ। ਗਾਂਧੀ ਨੇ ਕਿਹਾ ਕਿ ਦਲਿਤ ਬਹੁਜਨਾਂ ਨੂੰ ਹਿੱਸੇਦਾਰੀ ਅਤੇ ਅਧਿਕਾਰ ਸੰਵਿਧਾਨ ਦਿੰਦਾ ਹੈ ਅਤੇ ਉਸ ਸੰਵਿਧਾਨ ਦੀ ਰੱਖਿਆ ਕਾਂਗਰਸ ਕਰੇਗੀ। ਉਨ੍ਹਾਂ ਮੁਤਾਬਕ, ਖਾਣ-ਪੀਣ ਪ੍ਰਤੀ ਜਾਗਰੂਕਤਾ ਦੀ ਕਮੀ ਅਤੇ ਇਸ ਕਲਚਰ ਦੇ ਦਸਤਾਵੇਜ਼ੀਕਰਨ ਦੇ ਮਹੱਤਵ ’ਤੇ ਚਰਚਾ ਕੀਤੀ ਗਈ। ਰਾਹੁਲ ਗਾਂਧੀ ਨੇ ਕਿਹਾ ਕਿ ਸਮਾਜ ’ਚ ਸਾਰਿਆਂ ਦਾ ਸੱਚਾ ਸਮਾਵੇਸ਼ ਅਤੇ ਬਰਾਬਰੀ ਉਦੋਂ ਸੰਭਵ ਹੋਵੇਗੀ ਜਦੋਂ ਹਰ ਇਕ ਭਾਰਤੀ ਦਿਲ ’ਚ ਭਾਈਚਾਰੇ ਦੀ ਭਾਵਨਾ ਨਾਲ ਕੋਸ਼ਿਸ਼ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8