ਚੋਣਾਂ ਦਾ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ ਅਤੇ ਚੋਰਾਂ ਨੂੰ ਬਚਾਉਂਦਾ ਰਿਹਾ : ਰਾਹੁਲ ਗਾਂਧੀ
Friday, Sep 19, 2025 - 11:24 PM (IST)

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ‘ਵੋਟ ਚੋਰੀ’ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਚੋਣ ਕਮਿਸ਼ਨ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ‘ਚੋਣਾਂ ਦਾ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ ਅਤੇ ਚੋਰਾਂ ਨੂੰ ਬਚਾਉਂਦਾ ਰਿਹਾ।’ ਉਨ੍ਹਾਂ ਨੇ ਵੋਟਰ ਸੂਚੀ ’ਚੋਂ ਕਥਿਤ ਤੌਰ ’ਤੇ ਨਾਂ ਹਟਾਏ ਜਾਣ ਸਬੰਧੀ ਆਪਣੀ ਪ੍ਰੈੱਸ ਕਾਨਫਰੰਸ ਦੀ ਇਕ ਛੋਟੀ ਜਿਹੀ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ ਕਿ ਜਿਸ ’ਚ ਲੋਕਾਂ ਦੇ ਨਾਂ ਇਸਤੇਮਾਲ ਕਰ ਕੇ ਵੋਟਾਂ ਹਟਾਈਆਂ ਗਈਆਂ ਹਨ, ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਤੜਕੇ 4 ਵਜੇ ਵੀ ਨਾਂ ਹਟਾਉਣ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਗਈਆਂ।
ਕਾਂਗਰਸ ਆਗੂ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ ਕਿ ਸਵੇਰੇ 4 ਵਜੇ ਉਠੋ, 36 ਸਕਿੰਟ ਵਿਚ 2 ਵੋਟਰ ਹਟਾਓ, ਫਿਰ ਸੋ ਜਾਓ। ਇੰਝ ਵੀ ਹੋਈ ਵੋਟ ਚੋਰੀ। ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦਾ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ ਤੇ ਚੋਰਾਂ ਨੂੰ ਬਚਾਉਂਦਾ ਰਿਹਾ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਰਨਾਟਕ ਦੇ ਕਲਬੁਰਗੀ ਜ਼ਿਲੇ ਦੇ ਆਲੰਦ ਵਿਧਾਨ ਸਭਾ ਖੇਤਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਸਮਰਥਕ ਵੋਟਰਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ’ ਅਤੇ ‘ਵੋਟ ਚੋਰਾਂ’ ਦੀ ਰੱਖਿਆ ਕਰ ਰਹੇ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ।