ਰਾਹੁਲ ਗਾਂਧੀ ਅੱਜ ਜਾਣਗੇ ਬਿਹਾਰ, ਪਦ-ਯਾਤਰਾ ’ਚ ਹਿੱਸਾ ਲੈਣਗੇ
Sunday, Apr 06, 2025 - 11:59 PM (IST)

ਪਟਨਾ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਬਿਹਾਰ ਆਉਣਗੇ ਅਤੇ ਬੇਗੂਸਰਾਏ ’ਚ ਇਕ ਪਦ-ਯਾਤਰਾ ’ਚ ਹਿੱਸਾ ਲੈਣਗੇ ਅਤੇ ਪਟਨਾ ’ਚ 2 ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਕੁਮਾਰ ਨੇ ਦਿੱਤੀ।
ਰਾਜੇਸ਼ ਨੇ ਐਤਵਾਰ ਨੂੰ ਸੂਬਾਈ ਕਾਂਗਰਸ ਦੇ ਹੈੱਡਕੁਆਰਟਰ ਸਦਾਕਤ ਆਸ਼ਰਮ ’ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਵੇਰੇ ਪਟਨਾ ਪਹੁੰਚਣਗੇ ਅਤੇ ‘ਪਲਾਇਨ ਰੋਕੋ, ਨੌਕਰੀ ਦਿਓ’ ’ਤੇ ਸੂਬਾ ਪੱਧਰੀ ਪਦ-ਯਾਤਰਾ ਲਈ ਬੇਗੂਸਰਾਏ ਜਾਣਗੇ।
ਰਾਇਬ੍ਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਐਕਸ’ ’ਤੇ ਇਕ ਮਿੰਟ ਦਾ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਬਿਹਾਰ ਦੇ ਨੌਜਵਾਨਾਂ ਨੂੰ ਚਿੱਟੀ ਟੀ-ਸ਼ਰਟ ਪਹਿਨ ਕੇ ਮਾਰਚ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੀਡੀਓ ’ਚ ਕਿਹਾ, ‘‘ਸਾਡਾ ਮਕਸਦ ਬਿਹਾਰ ਦੇ ਨੌਜਵਾਨਾਂ ਦੀ ਦੁਰਦਸ਼ਾ ਵੱਲ ਦੁਨੀਆ ਦਾ ਧਿਆਨ ਖਿਚਣਾ ਹੈ।”