ਰਾਹੁਲ ਗਾਂਧੀ ਵਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਅਹਿੰਸਕ ਤਰੀਕੇ ਨਾਲ ਵਿਰੋਧ ਕਰਨ ਦੀ ਅਪੀਲ

01/27/2022 10:36:30 AM

ਨਵੀਂ ਦਿੱਲੀ– ਕਾਂਗਰਸ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਵਲੋਂ ਆਯੋਜਿਤ ਪ੍ਰੀਖਿਆ ਦੀ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਨੌਜਵਾਨਾਂ ਦਾ ਸਮਰਥਨ ਕਰਦੇ ਹੋਏ ਅਤੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼, ਸੱਚ ਦੇ ਪੱਖ ਚ ਮੈਂ ਤੁਹਾਡੇ ਨਾਲ ਹਾਂ ਅਤੇ ਰਹਾਂਗਾ ਪਰ ਹਿੰਸਾ ਸਾਡਾ ਰਸਤਾ ਨਹੀਂ ਹੈ।

ਰਾਹੁਲ ਗਾਂਧੀ ਨੇ ਬਿਹਾਰ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਅਹਿੰਸਕ ਤਰੀਕੇ ਨਾਲ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵੀਰਵਾਰ ਨੂੰ ਟਵੀਟ ਕੀਤਾ, ‘ਵਿਦਿਆਰਥੀਓ, ਤੁਸੀਂ ਦੇਸ਼ ਦੀ  ਅਤੇ ਆਪਣੇ ਪਰਿਵਾਰ ਦੀ ਉਮੀਦ ਹੋ। ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼, ਸੱਚ ਦੇ ਪੱਖ ’ਚ ਮੈਂ ਤੁਹਾਡੇ ਨਾਲ ਹਾਂ ਅਤੇ ਰਹਾਂਗਾ ਪਰ ਹਿੰਸਾ ਸਾਡਾ ਰਸਤਾ ਨਹੀਂ ਹੈ। ਅਹਿੰਸਕ ਵਿਰੋਧ ਨਾਲ ਸੁਤੰਤਰਤਾ ਲੈ ਸਕਦੇ ਹਾਂ ਤਾਂ ਆਪਣਾ ਅਧਿਕਾਰ ਕਿਉਂ ਨਹੀਂ?’

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਨੇ ਟਵੀਟ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਪੱਖ ਪੂਰਿਆ ਸੀ। ਉਨ੍ਹਾਂ ਬਿਹਾਰ ’ਚ ਇਕ ਰੇਲ ਰੋਕ ਕੇ ਰਾਸ਼ਟਰੀ ਗੀਤ ਗਾ ਰਹੇ ਨੌਜਵਾਨਾਂ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਟਵੀਟ ਕੀਤਾ, ‘ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਹਰ ਨੌਜਵਾਨ ਸੁਤੰਤਰ ਹੈ, ਜੋ ਭੁੱਲ ਗਏ ਹਨ, ਉਨ੍ਹਾਂ ਨੂੰ ਯਾਦ ਦਿਲਾ ਦੋ ਕਿ ਭਾਰਤ ਲੋਕਤੰਤਰ ਹੈ, ਗਣਤੰਤਰ ਸੀ, ਗਣਤੰਤਰ ਹੈ!’

 

ਐੱਨ.ਟੀ.ਪੀ.ਸੀ. ਅਤੇ ਲੈਵਲ-1 ਦੀਆਂ ਪ੍ਰੀਖਿਆਵਾਂ ਮੁਲਤਵੀ
ਜ਼ਿਕਰਯੋਗ ਹੈ ਕਿ ਰੇਲਵੇ ਨੇ ਆਪਣੀ ਭਰਤੀ ਪ੍ਰੀਖਿਆਵਾਂ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰੀਖਿਆਰਥੀਆਂ ਦੇ ਹਿੰਸਕ ਵਿਰੋਧ-ਪ੍ਰਦਰਸ਼ਨ ਤੋਂ ਬਾਅਦ ਐੱਨ.ਟੀ.ਪੀ.ਸੀ. ਅਤੇ ਲੈਵਲ-1 ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਰੇਲਵੇ ਨੇ ਇਕ ਕਮੇਟੀ ਵੀ ਬਣਾਈ ਹੈ, ਜੋ ਵੱਖ-ਵੱਖ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਵਲੋਂ ਆਯੋਜਿਤ ਪ੍ਰੀਖਿਆਵਾਂ ’ਚ ਸਫਲ ਅਤੇ ਅਸਫਲ ਹੋਣ ਵਾਲੇ ਪ੍ਰੀਖਿਆਰਥੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ। ਬਿਹਾਰ ਦੇ ਕਈ ਸਥਾਨਾਂ ’ਤੇ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਈ ਰੇਲਾਂ ਨੂੰ ਰੋਕਿਆ। ਇਸ ਦੌਰਾਨ ਪੁਲਸ ਨੇ ਵੀ ਬਲ ਦੀ ਵਰਤੋਂ ਕੀਤੀ।


Rakesh

Content Editor

Related News