ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ, 'ਲੋਕ ਭੁੱਖੇ ਮਰ ਰਹੇ ਤੇ ਅਮੀਰਾਂ ਲਈ ਚੌਲਾਂ ਤੋਂ ਸੈਨੇਟਾਈਜ਼ਰ'

4/21/2020 3:08:17 PM

ਨਵੀਂ ਦਿੱਲੀ—  ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਵਿਚਕਾਰ ਰਾਜਨੀਤੀ ਦਾ ਮਾਹੌਲ ਵੀ ਗਰਮ ਹੈ। ਸਰਕਾਰ ਵੱਲੋਂ ਚੌਲਾਂ ਤੋਂ ਸੈਨੇਟਾਈਜ਼ਰ ਬਣਾਉਣ ਦੀ ਮਨਜ਼ੂਰੀ ਦੇਣ ਦੀਆਂ ਰਿਪੋਰਟਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨਿਆ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ 'ਚ ਗਰੀਬ ਭੁੱਖ ਨਾਲ ਮਰ ਰਹੇ ਹਨ, ਤਾਂ ਸਰਕਾਰ ਅਮੀਰਾਂ ਲਈ ਚੌਲਾਂ ਤੋਂ ਸੈਨੇਟਾਈਜ਼ਰ ਬਣਾਉਣ ਦੀ ਮਨਜ਼ੂਰੀ ਦੇ ਰਹੀ ਹੈ।

 

ਰਾਹੁਲ ਗਾਂਧੀ ਨੇ ਇਕ ਟਵੀਟ ਕੀਤਾ ਕਿ ਜਿਸ 'ਚ ਉਨ੍ਹਾਂ ਕਿਹਾ, ''ਆਖਿਰ ਹਿੰਦੋਸਤਾਨ ਦਾ ਗਰੀਬ ਕਦੋਂ ਤੱਕ ਜਾਗੇਗਾ? ਤੁਸੀਂ ਭੁੱਖ ਨਾਲ ਮਰ ਰਹੇ ਹੋ ਤੇ ਉਹ ਤੁਹਾਡੇ ਹਿੱਸੇ ਦੇ ਚੌਲਾਂ ਤੋਂ ਸੈਨੇਟਾਈਜ਼ਰ ਬਣਾ ਕੇ ਅਮੀਰਾਂ ਦੇ ਹੱਥਾਂ ਦੀ ਸਫਾਈ 'ਚ ਲੱਗੇ ਹਨ।''

ਇਸ ਟਵੀਟ ਨਾਲ ਉਨ੍ਹਾਂ ਇਕ ਰਿਪੋਰਟ ਵੀ ਪੋਸਟ ਕੀਤੀ, ਜਿਸ ਮੁਤਾਬਕ ਸਰਕਾਰ ਨੇ ਸਰਪਲੱਸ ਚੌਲਾਂ ਤੋਂ ਸੈਨੇਟਾਈਜ਼ਰ ਬਣਾਉਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ, ਸਰਕਾਰ ਨੇ ਸੋਮਵਾਰ ਨੂੰ ਮਨਜ਼ੂਰੀ ਦਿੱਤੀ ਕਿ ਭਾਰਤੀ ਫੂਡ ਕਾਰਪੋਰੇਸ਼ਨ (ਐੱਫ. ਸੀ. ਆਈ.) ਕੋਲ ਉਪਲੱਬਧ ਸਰਪਲੱਸ ਚੌਲਾਂ ਨੂੰ ਈਥੇਨੋਲ 'ਚ ਬਦਲਿਆ ਜਾ ਸਕਦਾ ਹੈ ਤਾਂ ਜੋ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਤਿਆਰ ਕੀਤੇ ਜਾ ਸਕਣ ਅਤੇ ਨਾਲ ਹੀ ਪੈਟਰੋਲ 'ਚ ਮਿਲਾਇਆ ਜਾ ਸਕੇ। ਇਹ ਫੈਸਲਾ ਰਾਸ਼ਟਰੀ ਬਾਇਓਫਿਊਲ ਤਾਲਮੇਲ ਕਮੇਟੀ (ਐੱਨ. ਬੀ. ਸੀ. ਸੀ.) ਦੀ ਇਕ ਮੀਟਿੰਗ 'ਚ ਲਿਆ ਗਿਆ। ਟਵੀਟ ਨਾਲ ਪੋਸਟ ਕੀਤੀ ਗਈ ਖਬਰ 'ਚ ਕਿਹਾ ਗਿਆ ਹੈ ਕਿ ਕੋਰੋਨਾ ਸੰਕਟ ਵਿਚਕਾਰ ਸਰਕਾਰ ਦਾ ਇਹ ਫੈਸਲਾ ਵਿਵਾਦ ਪੈਦਾ ਕਰ ਰਿਹਾ ਹੈ ਕਿ ਜਦੋਂ ਲਾਕਡਾਊਨ ਕਾਰਨ ਲੋਕ ਭੁੱਖਮਰੀ ਦੇ ਦੌਰ 'ਚੋਂ ਲੰਘ ਰਹੇ ਤੇ ਸਰਕਾਰ ਉਨ੍ਹਾਂ ਦੇ ਹਿੱਸੇ ਦੇ ਚੌਲਾਂ ਤੋਂ ਸੈਨੇਟਾਈਜ਼ਰ ਬਣਾਉਣ ਦਾ ਫੈਸਲਾ ਲੈ ਰਹੀ ਹੈ।


Sanjeev

Content Editor Sanjeev