ਰਾਹੁਲ ਗਾਂਧੀ ਸੁਰੱਖਿਆ ਪ੍ਰੋਟੋਕਾਲ ਨਹੀਂ ਮੰਨਦੇ, CRPF ਨੇ ਖੜਗੇ ਨੂੰ ਲਿਖਿਆ ਪੱਤਰ
Thursday, Sep 11, 2025 - 10:00 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ (55) ਨੇ ਆਪਣੀ ਆਵਾਜਾਈ ਦੌਰਾਨ ਕਥਿਤ ਤੌਰ ’ਤੇ ਕੁਝ ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ। ਸੀ. ਆਰ. ਪੀ. ਐੱਫ. ਦਾ ਵੀ. ਆਈ. ਪੀ. ਸੁਰੱਖਿਆ ਵਿੰਗ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਨੂੰ ‘ਜ਼ੈੱਡ ਪਲੱਸ’ (ਏ. ਐੱਸ. ਐੱਲ.) ਹਥਿਆਰਬੰਦ ਸੁਰੱਖਿਆ ਮੁਹੱਈਆ ਕਰਦਾ ਹੈ। ਜਦੋਂ ਵੀ ਰਾਹੁਲ ਗਾਂਧੀ ਕਿਤੇ ਜਾਂਦੇ ਹਨ, ਲੱਗਭਗ 10-12 ਹਥਿਆਰਬੰਦ ਸੀ. ਆਰ. ਪੀ. ਐੱਫ. ਕਮਾਂਡੋ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਦੇ ਹਨ।
ਪੈਰਾ-ਮਿਲਟਰੀ ਫੋਰਸ ਦੇ ਵੀ. ਆਈ. ਪੀ. ਸੁਰੱਖਿਆ ਵਿੰਗ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਇਕ ਪੱਤਰ ਭੇਜਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਰਾਹੁਲ ਨੇ ਆਪਣੇ ਘਰੇਲੂ ਦੌਰੇ ਦੌਰਾਨ ਅਤੇ ਵਿਦੇਸ਼ ਜਾਣ ਤੋਂ ਪਹਿਲਾਂ, ‘ਬਿਨਾਂ ਕਿਸੇ ਸੂਚਨਾ ਦੇ ਕੁਝ ਅਣ-ਸੂਚਿਤ ਗਤੀਵਿਧੀਆਂ ਕੀਤੀਆਂ। ਸੀ. ਆਰ. ਪੀ. ਐੱਫ. ਨੇ ਜਾਣੂ ਕਰਵਾਇਆ ਹੈ ਕਿ ਇਸ ਤਰ੍ਹਾਂ ਦੀਆਂ ਅਣ-ਸੂਚਿਤ ਗਤੀਵਿਧੀਆਂ ਵੀ. ਆਈ. ਪੀ. ਦੀ ਸੁਰੱਖਿਆ ਲਈ ‘ਖਤਰਾ’ ਪੈਦਾ ਕਰਦੀਆਂ ਹਨ।