ਦੂਜੇ ਦਿਨ ED ਸਾਹਮਣੇ ਪੇਸ਼ ਹੋਏ ਰਾਹੁਲ ਗਾਂਧੀ, ਪੁੱਛ-ਗਿੱਛ ਜਾਰੀ
Tuesday, Jun 14, 2022 - 11:31 AM (IST)
ਨਵੀਂ ਦਿੱਲੀ– ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਜਾਂਚ ਏਜੰਸੀ ਵੱਲੋਂ ਉਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ। ਰਾਹੁਲ ਗਾਂਧੀ ਏ.ਪੀ.ਜੇ ਅਬਦੁਲ ਕਲਾਮ ਰੋਡ ਸਥਿਤ ਈਡੀ ਦੇ ਹੈੱਡਕੁਆਰਟਰ ਪਹੁੰਚੇ। ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਦੇ ਨਾਲ ਹਨ। ਦੱਸ ਦੇਈਏ ਕਿ ਈਡੀ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਤੋਂ 10 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਈਡੀ ਨੇ ਰਾਹੁਲ ਗਾਂਧੀ ਨੂੰ ਮੰਗਲਵਾਰ ਨੂੰ ਮੁੜ ਪੇਸ਼ ਹੋਣ ਲਈ ਕਿਹਾ।
ਇਹ ਵੀ ਪੜ੍ਹੋ- ਨੈਸ਼ਨਲ ਹੈਰਾਲਡ ਮਾਮਲਾ; ਜਾਣੋ 85 ਸਾਲ ਦੇ ਸਫ਼ਰ ਦੀ ਪੂਰੀ ਕਹਾਣੀ
ਦੂਜੇ ਪਾਸੇ ਸੋਮਵਾਰ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਰਾਹੁਲ ਗਾਂਧੀ ਦੀ ਪੇਸ਼ੀ 'ਤੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਕਈ ਪਾਰਟੀ ਵਰਕਰਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਮੰਗਲਵਾਰ ਨੂੰ ਵੀ ਪੁਲਿਸ ਨੇ ਕਾਂਗਰਸ ਹੈੱਡਕੁਆਰਟਰ ਦੇ ਨਾਲ ਲੱਗਦੇ ਇਲਾਕੇ 'ਚ ਧਾਰਾ 144 ਲਗਾ ਦਿੱਤੀ ਹੈ। ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੇ ਸੋਮਵਾਰ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਈਡੀ ਦਫਤਰਾਂ ਦੇ ਬਾਹਰ 'ਸਤਿਆਗ੍ਰਹਿ' ਅਤੇ ਮਾਰਚ ਵੀ ਕੀਤਾ, ਜਿਸ ਨੂੰ ਪਾਰਟੀ ਦੀ ਤਾਕਤ ਦੇ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਨੈਸ਼ਨਲ ਹੇਰਾਲਡ ਮਾਮਲਾ : ਰਾਹੁਲ ਗਾਂਧੀ ਤੋਂ ED ਦੀ ਪੁੱਛਗਿੱਛ ਖ਼ਤਮ, ਸਾਢੇ 8 ਘੰਟੇ ਤਕ ਹੋਏ ਸਵਾਲ-ਜਵਾਬ
ਜ਼ਿਕਰਯੋਗ ਹੈ ਕਿ ਈਡੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਰਾਹੁਲ ਗਾਂਧੀ ਦਾ ਬਿਆਨ ਦਰਜ ਕਰ ਰਹੀ ਹੈ। ਇਸੇ ਮਾਮਲੇ ਵਿਚ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਸੋਨੀਆ ਗਾਂਧੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਬੀਮਾਰ ਹਨ ਅਤੇ ਇਸ ਸਮੇਂ ਦਿੱਲੀ ਸਰ ਗੰਗਾ ਰਾਮ ਹਸਪਤਾਲ ਵਿਚ ਦਾਖ਼ਲ ਹਨ। ਅਧਿਕਾਰੀਆਂ ਮੁਤਾਬਕ ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਗਾਂਧੀ ਪਰਿਵਾਰ ਤੋਂ ਪੁੱਛ-ਗਿੱਛ 'ਯੰਗ ਇੰਡੀਅਨ' ਅਤੇ 'ਐਸੋਸੀਏਟਿਡ ਜਰਨਲਜ਼ ਲਿਮਟਿਡ' (ਏ.ਜੇ.ਐਲ) ਦੇ ਪ੍ਰਮੋਟਰਾਂ ਦੀ ਹਿੱਸੇਦਾਰੀ ਪੈਟਰਨ, ਵਿੱਤੀ ਲੈਣ-ਦੇਣ ਅਤੇ ਭੂਮਿਕਾ ਨੂੰ ਸਮਝਣ ਲਈ ਈਡੀ ਦੀ ਜਾਂਚ ਦਾ ਹਿੱਸਾ ਹੈ। ‘ਯੰਗ ਇੰਡੀਅਨ’ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕੁਝ ਹੋਰ ਕਾਂਗਰਸੀ ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ- ਕਾਂਗਰਸ ਦਾ ਤਿੱਖਾ ਸ਼ਬਦੀ ਹਮਲਾ, ਕਿਹਾ- ਰਾਹੁਲ ਦੀ ਬੁਲੰਦ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ’ਚ ਮੋਦੀ ਸਰਕਾਰ