5 ਸਾਲਾਂ 'ਚ ਰਾਹੁਲ ਗਾਂਧੀ ਦੀ ਜਾਇਦਾਦ 'ਚ ਸਾਢੇ 6 ਕਰੋੜ ਰੁਪਏ ਦਾ ਵਾਧਾ

Friday, Apr 05, 2019 - 12:48 PM (IST)

5 ਸਾਲਾਂ 'ਚ ਰਾਹੁਲ ਗਾਂਧੀ ਦੀ ਜਾਇਦਾਦ 'ਚ ਸਾਢੇ 6 ਕਰੋੜ ਰੁਪਏ ਦਾ ਵਾਧਾ

ਵਾਇਨਾਡ–ਪਿਛਲੇ 5 ਸਾਲ ਵਿਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਜਾਇਦਾਦ 'ਚ 5 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਥੇ ਵੀਰਵਾਰ ਦਾਖਲ ਕੀਤੇ ਗਏ ਨਾਮਜ਼ਦਗੀ ਕਾਗਜ਼ ਨਾਲ ਨੱਥੀ ਸਹੁੰ ਪੱਤਰ ਮੁਤਾਬਕ ਰਾਹੁਲ ਕੋਲ ਲਗਭਗ 15 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ।ਇਸ ਜਾਇਦਾਦ ਵਿਚ ਭੈਣ ਪ੍ਰਿਯੰਕਾ ਦੇ ਨਾਲ ਦਿੱਲੀ ਦੇ ਮਹਿਰੋਲੀ ਵਿਖੇ ਰਾਹੁਲ ਇਕ ਫਾਰਮ ਹਾਊਸ ਦੇ ਮਾਲਕ ਵੀ ਹਨ।

5 ਕਰੋੜ ਦੀ ਚੱਲ ਜਾਇਦਾਦ-
ਰਾਹੁਲ ਗਾਂਧੀ ਨੇ ਹਲਫਨਾਮੇ 'ਚ ਦੱਸਿਆ ਹੈ ਕਿ ਉਨ੍ਹਾਂ ਕੋਲ 5 ਕਰੋੜ 80 ਲੱਖ 58 ਹਜ਼ਾਰ 779 ਰੁਪਏ ਦੀ ਚੱਲ ਜਾਇਦਾਦ ਹੈ। ਇਸ 'ਚ 40 ਹਜ਼ਾਰ ਰੁਪਏ ਨਕਦ, ਵੱਖ-ਵੱਖ ਬੈਂਕ ਖਾਤਿਆਂ 'ਚ 17 ਲੱਖ 93 ਹਜ਼ਾਰ 693 ਰੁਪਏ, ਸ਼ੇਅਰਾਂ ਅਤੇ ਬਾਂਡਾਂ 'ਚ 5 ਕਰੋੜ 19 ਲੱਖ 44 ਹਜ਼ਾਰ 682 ਰੁਪਏ ਅਤੇ ਪੀ. ਪੀ. ਐੱਫ. ਖਾਤੇ 'ਚ 39 ਲੱਖ 89 ਹਜ਼ਾਰ 37 ਰੁਪਏ ਹਨ।ਇਸ ਦੇ ਨਾਲ ਹੀ 2 ਲੱਖ 91 ਹਜ਼ਾਰ 367 ਰੁਪਏ ਦੀ ਜਿਊਲਰੀ ਵੀ ਹੈ।

ਵਾਇਨਾਡ ਤੋਂ ਦਾਖਲ ਕੀਤੇ ਨਾਮਜ਼ਦਗੀ ਕਾਗਜ਼-
ਰਾਹੁਲ ਗਾਂਧੀ ਨੇ ਦੱਖਣੀ ਭਾਰਤ ਦੇ ਕੇਰਲ ਸੂਬੇ 'ਚ ਕਾਂਗਰਸ ਦੇ ਗੜ੍ਹ ਵਾਇਨਾਡ ਲੋਕ ਸਭਾ ਹਲਕੇ ਤੋਂ ਵੀਰਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਉਹ ਉੱਤਰ ਪ੍ਰਦੇਸ਼ ਦੀ ਆਪਣੀ ਰਵਾਇਤੀ ਸੀਟ ਅਮੇਠੀ ਤੋਂ ਵੀ ਚੋਣ ਲੜ ਰਹੇ ਹਨ। ਰਾਹੁਲ ਨੇ ਵਾਇਨਾਡ ਦੇ ਜ਼ਿਲਾ ਹੈੱਡਕੁਆਰਟਰ 'ਚ ਜ਼ਿਲਾ ਕੁਲੈਕਟਰ ਏ. ਆਰ. ਅਜੇ ਕੁਮਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਸੌਂਪੇ।ਇਸ ਮੌਕੇ 'ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ, ਕਾਂਗਰਸ ਦੇ ਸੀਨੀਅਰ ਨੇਤਾ ਕੇ. ਸੀ. ਵੇਣੂਗੋਪਾਲ ਅਤੇ ਮੁਕੁਲ ਵਾਸਨਿਕ ਵੀ ਸਨ।

10 ਕਰੋੜ ਦੀ ਹੈ ਅਚੱਲ ਜਾਇਦਾਦ-
ਰਾਹੁਲ ਗਾਂਧੀ ਕੋਲ 10 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। 8 ਕਰੋੜ 75 ਲੱਖ 70 ਹਜ਼ਾਰ ਰੁਪਏ ਦੀਆਂ ਗੁਰੂਗ੍ਰਾਮ ਵਿਖੇ 2 ਦੁਕਾਨਾਂ ਹਨ, ਜੋ 5838 ਵਰਗ ਫੁੱਟ ਦੀਆਂ ਹਨ। ਦਿੱਲੀ ਦੇ ਛਤਰਪੁਰ ਇਲਾਕੇ ਵਿਚ ਭੈਣ ਪ੍ਰਿਯੰਕਾ ਨਾਲ 50 ਫੀਸਦੀ ਦੀ ਭਾਈਵਾਲੀ ਨਾਲ ਕੁਲ 1 ਕਰੋੜ 32 ਲੱਖ 48 ਹਜ਼ਾਰ 284 ਰੁਪਏ ਦਾ ਫਾਰਮ ਹਾਊਸ ਵੀ ਹੈ। ਕੁਲ ਮਿਲਾ ਕੇ ਇਹ ਜਾਇਦਾਦ 10 ਕਰੋੜ 8 ਲੱਖ 18 ਹਜ਼ਾਰ 284 ਰੁਪਏ ਬਣਦੀ ਹੈ।

ਮਾਂ ਸੋਨੀਆ ਕੋਲੋਂ ਲਿਆ ਹੋਇਆ ਹੈ 5 ਲੱਖ ਦਾ ਕਰਜ਼ਾ-
ਰਾਹੁਲ ਨੇ ਆਪਣੀ ਮਾਂ ਸੋਨੀਆ ਗਾਂਧੀ ਕੋਲੋਂ 5 ਲੱਖ ਰੁਪਏ ਦਾ ਨਿੱਜੀ ਕਰਜ਼ਾ ਲਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਕਿਰਾਏਦਾਰਾਂ ਦੇ 67 ਲੱਖ ਇਕ ਹਜ਼ਾਰ 904 ਰੁਪਏ ਜ਼ਮਾਨਤ ਵਜੋਂ ਜਮ੍ਹਾ ਹਨ।


author

Iqbalkaur

Content Editor

Related News