ਚਿਦਾਂਬਰਮ ਨੂੰ ਮਿਲਣ ਤਿਹਾੜ ਜੇਲ ਪਹੁੰਚੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ
Wednesday, Nov 27, 2019 - 10:08 AM (IST)

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲਣ ਤਿਹਾੜ ਜੇਲ ਪਹੁੰਚ ਕੇ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਚਿਦਾਂਬਰਮ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ 21 ਅਗਸਤ ਤੋਂ ਨਿਆਇਕ ਹਿਰਾਸਤ 'ਚ ਤਿਹਾੜ ਜੇਲ 'ਚ ਬੰਦ ਹਨ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਵੀ ਤਿਹਾੜ ਜਾ ਕੇ ਚਿਦਾਂਬਰਮ ਨਾਲ ਮੁਲਾਕਾਤ ਕਰ ਚੁਕੀ ਹੈ।
ਚਿਦਾਂਬਰਮ ਦੀ ਸਿਹਤ ਲੈ ਕੇ ਚਿੰਤਾ
ਕਾਂਗਰਸ ਪਾਰਟੀ ਦੇ ਨੇਤਾ ਚਿਦਾਂਬਰਮ ਦੀ ਸਿਹਤ ਨੂੰ ਲੈ ਕੇ ਲਗਾਤਾਰ ਚਿੰਤਾ ਜ਼ਾਹਰ ਕਰਦੇ ਰਹੇ ਹਨ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜੇਲ 'ਚ ਸਾਬਕਾ ਮੰਤਰੀ ਦੀ ਸਿਹਤ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਭਾਰ 3 ਮਹੀਨੇ 'ਚ 10 ਕਿਲੋ ਤੋਂ ਵਧ ਘੱਟ ਹੋ ਗਿਆ ਹੈ। ਚਿਦਾਂਬਰਮ 'ਤੇ ਗ੍ਰਿਫਤਾਰੀ ਦੇ ਨਾਲ ਹੀ ਕਾਂਗਰਸ ਪਾਰਟੀ ਲਗਾਤਾਰ ਉਨ੍ਹਾਂ ਦਾ ਬਚਾਅ ਕਰ ਰਹੀ ਹੈ।
21 ਅਗਸਤ ਨੂੰ ਹੋਏ ਸਨ ਗ੍ਰਿਫਤਾਰ
ਚਿਦਾਂਬਰਮ ਨੂੰ ਸੀ.ਬੀ.ਆਈ. ਨੇ 21 ਅਗਸਤ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ 5 ਸਤੰਬਰ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਉਨ੍ਹਾਂ ਨੂੰ ਬਾਅਦ 'ਚ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਮਨੀ ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਹਾਈ ਕੋਰਟ ਤੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਕਾਂਗਰਸ ਨੇਤਾ ਨੂੰ ਰਾਹਤ ਦੀ ਉਮੀਦ ਹੈ। ਕਾਂਗਰਸ ਨੇਤਾ ਵਾਰ-ਵਾਰ ਸਿਆਸੀ ਬਦਲੇ ਅਤੇ ਅਪਮਾਨਤ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ।
ਚਿਦਾਂਬਰਮ ਨੂੰ ਅਪਮਾਨਤ ਕਰਨਾ ਚਾਹੁੰਦੀ ਹੈ ਸੀ.ਬੀ.ਆਈ.
ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਜੇਲ 'ਚ ਬੰਦ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਇਸ ਤੋਂ ਪਹਿਲਾਂ ਜ਼ਮਾਨਤ ਲਈ ਸੁਪਰੀਮ ਕੋਰਟ 'ਚ ਗੁਹਾਰ ਲਗਾਈ ਸੀ। ਚਿਦਾਂਬਰਮ ਨੇ ਕਿਹਾ ਕਿ ਸੀ.ਬੀ.ਆਈ. ਉਨ੍ਹਾਂ ਨੂੰ ਨੀਚਾ ਦਿਖਾਉਣ (ਅਪਮਾਨਤ ਕਰਨ) ਲਈ ਜੇਲ 'ਚ ਰੱਖਣਾ ਚਾਹੁੰਦੀ ਹੈ। ਚਿਦਾਂਬਰਮ ਵਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂੰ ਸਿੰਘਵੀ ਨੇ ਸੁਪਰੀਮ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।