ਰਾਹੁਲ ਦੇ ਅਮੇਠੀ ਦੌਰੇ ਤੋਂ ਪਹਿਲਾਂ ਲਗਾਇਆ ਗਿਆ ਵਿਵਾਦਪੂਰਨ ਪੋਸਟਰ
Wednesday, Jul 10, 2019 - 01:49 PM (IST)

ਅਮੇਠੀ— ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਅਮੇਠੀ ਦੌਰੇ ਤੋਂ ਪਹਿਲਾਂ ਉਨ੍ਹਾਂ ਨਾਲ ਸੰਬੰਧਤ ਟਰੱਸਟ ਦੇ ਹਸਪਤਾਲ 'ਚ ਹੋਈ ਇਕ ਮੌਤ 'ਤੇ ਉੱਠੇ ਸਿਆਸੀ ਵਿਵਾਦ ਪੋਸਟਰ ਦੇ ਰੂਪ 'ਚ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਅਮੇਠੀ ਤੋਂ ਲੋਕ ਸਭਾ 'ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਇੱਥੇ ਪਹੁੰਚ ਰਹੇ ਰਾਹੁਲ ਦੇ ਸਵਾਗਤ ਤੋਂ ਪਹਿਲਾਂ ਕੇਂਦਰੀ ਕਾਂਗਰਸ ਦਫ਼ਤਰ ਦੇ ਗੇਟ 'ਤੇ ਇਕ ਪੋਸਟਰ ਲਗਾਇਆ ਗਿਆ ਹੈ, ਜਿਸ 'ਚ ਲਿਖਿਆ ਹੈ,''ਨਿਆਂ ਦਿਓ, ਨਿਆਂ ਦਿਓ, ਮੇਰੇ ਪਰਿਵਾਰ ਨੂੰ, ਨਿਆਂ ਦਿਓ, ਦੋਸ਼ੀਆਂ ਨੂੰ ਸਜ਼ਾ ਦਿਓ, ਸੰਜੇ ਗਾਂਧੀ ਹਸਪਤਾਲ ਅਮੇਠੀ 'ਚ ਜ਼ਿੰਦਗੀ ਬਚਾਈ ਨਹੀਂ ਗਵਾਈ ਜਾਂਦੀ ਹੈ। ਰਾਹੁਲ ਗਾਂਧੀ ਜਵਾਬ ਦਿਓ।'' ਹਾਲਾਂਕਿ ਪੋਸਟਰ 'ਚ ਕਿਸੇ ਪ੍ਰਕਾਸ਼ਕ ਦਾ ਨਾਂ ਨਹੀਂ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਅਮੇਠੀ ਸਥਿਤ ਸੰਜੇ ਗਾਂਧੀ ਹਸਪਤਾਲ ਸੰਜੇ ਗਾਂਧੀ ਮੈਮੋਰੀਅਲ ਟਰੱਸਟ ਵਲੋਂ ਸੰਚਾਲਤ ਹੈ ਅਤੇ ਰਾਹੁਲ ਇਸ ਦੇ ਟਰੱਸਟੀ ਹਨ। ਜ਼ਿਲਾ ਕਾਂਗਰਸ ਬੁਲਾਰੇ ਅਨਿਲ ਸਿੰਘ ਨੇ ਕਿਹਾ ਕਿ ਇਹ ਭਾਜਪਾ ਦੀ ਸਾਜਿਸ਼ ਹੈ ਅਤੇ ਹੁਣ ਤਾਂ ਇੱਥੇ ਉਨ੍ਹਾਂ ਦੀ ਸੰਸਦ ਮੈਂਬਰ ਸਮਰਿਤੀ ਇਰਾਨੀ ਵੀ ਚੁਣ ਲਈ ਗਈ ਹੈ। ਸਿੰਘ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਦੇ ਲੋਕ ਇੱਥੇ ਅਜਿਹੀਆਂ ਹਰਕਤਾਂ ਕਰਦੇ ਰਹੇ ਹਨ। ਸੰਜੇ ਗਾਂਧੀ ਹਸਪਤਾਲ ਪਿਛਲੀ ਮਈ 'ਚ ਲੋਕ ਸਭਾ ਚੋਣਾਂ ਦੌਰਾਨ ਚਰਚਾ 'ਚ ਆਇਆ ਸੀ। ਅਮੇਠੀ ਸੀਟ ਤੋਂ ਰਾਹੁਲ ਦੀ ਮੁਕਾਬਲੇਬਾਜ਼ ਅਤੇ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਅਪ੍ਰੈਲ 'ਚ ਸੰਜੇ ਗਾਂਧੀ ਹਸਪਤਾਲ 'ਚ ਨੰਨੇ ਲਾਲ ਨਾਮੀ ਵਿਅਕਤੀ ਦੀ ਮੌਤ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਸਨ। ਬਾਅਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਇਕ ਚੋਣਾਵੀ ਰੈਲੀ 'ਚ ਇਸ ਦਾ ਜ਼ਿਕਰ ਕੀਤਾ ਸੀ।