ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਸੰਸਦ ਪੁੱਜੇ ਰਾਹੁਲ, ਬੋਲੇ- ‘ਖੇਤੀ ਕਾਨੂੰਨ ਵਾਪਸ ਲਓ’

Monday, Jul 26, 2021 - 11:20 AM (IST)

ਨਵੀਂ ਦਿੱਲੀ— ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਆਗੂ ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਭਵਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਟਰੈਕਟਰ ਦੇ ਸਾਹਮਣੇ ਖੇਤੀ ਕਾਨੂੰਨਾਂ ਖ਼ਿਲਾਫ਼ ਪੋਸਟਰ ਚਿਪਕਾਇਆ ਹੋਇਆ ਸੀ। ਜਿਸ ’ਤੇ ਲਿਖਿਆ ਹੈ- ਕਿਸਾਨ ਵਿਰੋਧੀ ਤਿੰਨੋਂ ਕਾਲੇ ਕਾਨੂੰਨ ਵਾਪਸ ਲਓ। ਰਾਹੁਲ ਨਾਲ ਟਰੈਕਟਰ ’ਤੇ ਪ੍ਰਤਾਪ ਸਿੰਘ ਬਾਜਵਾ, ਦਪਿੰਦਰ ਹੁੱਡਾ, ਗੁਰਜੀਤ ਔਜਲਾ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸਰਕਾਰ ਕਿਸਾਨਾਂ ਦਾ ਹੱਕ ਖੋਹ ਰਹੀ ਹੈ, ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ’ਤੇ ਗਲਤ ਦੋਸ਼ ਲਾਏ ਜਾ ਰਹੇ ਹਨ, ਉਨ੍ਹਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨੀ ਘੋਲ ਨੂੰ 8 ਮਹੀਨੇ ਪੂਰੇ, ਅੱਜ ਔਰਤਾਂ ਸੰਭਾਲਣਗੀਆਂ ‘ਕਿਸਾਨ ਸੰਸਦ’

PunjabKesari

ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਸੈਸ਼ਨ ਦੌਰਾਨ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ, ਪੈਗਾਸਸ ਜਾਸੂਸੀ, ਮਹਿੰਗਾਈ ਅਤੇ ਹੋਰ ਮੁੱਦਿਆਂ ’ਤੇ ਘੇਰ ਰਹੀ ਹੈ। 19 ਜੁਲਾਈ ਤੋਂ ਸ਼ੁਰੂ ਹੋਈ ਸੰਸਦ ’ਚ ਵਿਰੋਧੀ ਧਿਰ ਵਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ ’ਚ ਕੰਮਕਾਜ ਨਹੀਂ ਹੋ ਰਿਹਾ ਹੈ। ਓਧਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਲਾਈ ਜਾ ਰਹੀ ਹੈ। 200 ਕਿਸਾਨ ਰੋਜ਼ਾਨਾ ਜੰਤਰ-ਮੰਤਰ ’ਤੇ ਕਿਸਾਨ ਸੰਸਦ ਲਾਉਣਗੇ, ਜੋ ਕਿ ਸੰਸਦ ਦੇ ਮਾਨਸੂਨ ਸੈਸ਼ਨ ਤੱਕ ਜਾਰੀ ਰਹੇਗੀ।

ਇਹ ਵੀ ਪੜ੍ਹੋ: ਜੰਤਰ-ਮੰਤਰ: ‘ਕਿਸਾਨ ਸੰਸਦ’ ’ਚ ਸੋਨੀਆ ਮਾਨ ਵੀ ਪੁੱਜੀ, ਕਿਹਾ- ਕਿਸਾਨਾਂ ਦੀਆਂ ਮੰਗਾਂ ਕਰੋ ਪੂਰੀਆਂ

ਦੱਸ ਦੇਈਏ ਕਿ ਪਿਛਲੇ ਕਰੀਬ 8 ਮਹੀਨਿਆਂ ਤੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦਿੱਲੀ ਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ ’ਤੇ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਕਾਨੂੰਨ ਵਾਪਸ ਹੋਣ ਪਰ ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ। ਜੇਕਰ ਕੋਈ ਬਦਲਾਅ ਕਰਨਾ ਹੈ, ਤਾਂ ਸਰਕਾਰ ਗੱਲਬਾਤ ਲਈ ਤਿਆਰ ਹੈ। 


Tanu

Content Editor

Related News