ਰਾਹੁਲ ਗਾਂਧੀ ਦਾ ਤੰਜ- ਮੋਦੀ ਸ਼ਾਸਨ ''ਚ ਬਰਬਾਦ ਹੋ ਗਿਆ ਦੇਸ਼
Wednesday, Sep 02, 2020 - 10:27 AM (IST)
ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਅਸੀਂ ਹਰ ਮੋਰਚੇ 'ਤੇ ਕਮਜ਼ੋਰ ਸਾਬਤ ਹੋ ਰਹੇ ਹਾਂ।
ਰਾਹੁਲ ਨੇ ਬੁੱਧਵਾਰ ਯਾਨੀ ਕਿ ਅੱਜ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਦੇਸ਼ ਅੱਜ ਮੋਦੀ ਨਿਰਮਿਤ ਤਬਾਹੀ ਦੀ ਲਪੇਟ ਵਿਚ ਹੈ। ਦੇਸ਼ ਵਿਚ ਅੱਜ ਜੀ. ਡੀ. ਪੀ. -23.9 ਫੀਸਦੀ ਦੀ ਇਤਿਹਾਸਕ ਗਿਰਾਵਟ ਹੈ। ਅੱਜ 45 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ। 12 ਕਰੋੜ ਨੌਕਰੀਆਂ ਚੱਲੀਆਂ ਗਈਆਂ। ਸੂਬਿਆਂ ਨੂੰ ਉਨ੍ਹਾਂ ਦੇ ਹਿੱਸੇ ਦੇ ਜੀ. ਐੱਸ. ਟੀ. ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ।
ਰਾਹੁਲ ਨੇ ਇਸ ਦੇ ਨਾਲ ਹੀ ਤਾਜ਼ਾ ਘਟਨਾਵਾਂ ਨੂੰ ਲੈ ਕੇ ਵੀ ਸਰਕਾਰ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਸਾਡੇ ਇੱਥੇ ਅੱਜ ਦੁਨੀਆ ਵਿਚ ਸਭ ਤੋਂ ਵਧੇਰੇ ਲੋਕ ਕੋਰੋਨਾ ਪਾਜ਼ੇਟਿਵ ਹੋ ਰਹੇ ਹਨ ਅਤੇ ਸਭ ਤੋਂ ਵੱਧ ਲੋਕ ਮਰ ਰਹੇ ਹਨ। ਸਾਡੀ ਸਰੱਹਦ 'ਤੇ ਬਾਹਰੀ ਤਾਕਤਾਂ ਹਮਲਾਵਰ ਬਣੀਆਂ ਹੋਈਆਂ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਲਗਾਤਾਰ ਦੇਸ਼ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹਨ। ਰਾਹੁਲ ਬੇਰੋਜ਼ਗਾਰੀ, ਅਰਥਵਿਵਸਥਾ, ਕੋਰੋਨਾ ਆਫ਼ਤ ਨੂੰ ਲੈ ਕੇ ਆਏ ਦਿਨ ਮੋਦੀ ਸਰਕਾਰ ਨੂੰ ਟਵਿੱਟਰ 'ਤੇ ਟਵੀਟ ਕਰ ਕੇ ਘੇਰਦੇ ਹਨ।