ਰਾਹੁਲ ਗਾਂਧੀ ਪੁੱਜੇ ਧਾਰਾਵੀ, ਚਮੜਾ ਉਦਯੋਗ ਨਾਲ ਜੁੜੇ ਕਾਮਿਆਂ ਨਾਲ ਕੀਤੀ ਮੁਲਾਕਾਤ
Friday, Mar 07, 2025 - 01:03 AM (IST)

ਮੁੰਬਈ, (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁੰਬਈ ਵਿਚ ਧਾਰਾਵੀ ਦਾ ਦੌਰਾ ਕੀਤਾ ਅਤੇ ਚਮੜਾ ਉਦਯੋਗ ਨਾਲ ਜੁੜੇ ਕਾਮਿਆਂ ਨਾਲ ਗੱਲਬਾਤ ਕੀਤੀ। ਕਾਂਗਰਸ ਦੇ ਇਕ ਨੇਤਾ ਨੇ ਦੱਸਿਆ ਕਿ ਇਸ ਯਾਤਰਾ ਦਾ ਉਦੇਸ਼ ਚਮੜਾ ਉਦਯੋਗ ਦੇ ਕਾਮਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਸੀ। ਗਾਂਧੀ ਨੇ ਜਿਨ੍ਹਾਂ ਨਿਰਮਾਣ ਇਕਾਈਆਂ ਦਾ ਦੌਰਾ ਕੀਤਾ, ਉਨ੍ਹਾਂ ਵਿਚ ‘ਚਮਾਰ ਸਟੂਡੀਓ’ ਵੀ ਸ਼ਾਮਲ ਹੈ, ਜਿਸ ਨੂੰ ਸੁਧੀਰ ਰਾਜਭਰ ਨੇ ਸਥਾਪਤ ਕੀਤਾ ਸੀ।
ਧਾਰਾਵੀ ਦੁਨੀਆ ਦੇ ਸਭ ਤੋਂ ਵੱਡੇ ਚਮੜੇ ਦੇ ਕੇਂਦਰਾਂ ਵਿਚੋਂ ਇਕ ਹੈ, ਜਿੱਥੇ 20,000 ਤੋਂ ਵੱਧ ਚਮੜਾ ਨਿਰਮਾਣ ਯੂਨਿਟ ਹਨ, ਜਿਥੇ ਇਕ ਲੱਖ ਤੋਂ ਵੱਧ ਕਾਮੇ ਕੰਮ ਕਰਦੇ ਹਨ। ਕਾਂਗਰਸੀ ਨੇਤਾ ਨੇ ਕਿਹਾ ਕਿ ਗਾਂਧੀ ਨੇ ਧਾਰਾਵੀ ਵਿਚ ਚਮੜਾ ਉਦਯੋਗ ਦੇ ਕਾਮਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਉਥੇ ਉੱਦਮੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਮੁਤਾਬਕ ਦਿੱਲੀ ਤੋਂ ਮੁੰਬਈ ਪੁੱਜੇ ਗਾਂਧੀ ਅੱਜ ਦੀ ਰਾਤ ਮੁੰਬਈ ’ਚ ਹੀ ਰੁਕਣਗੇ ਅਤੇ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਲਈ ਰਵਾਨਾ ਹੋਣਗੇ।
ਕਾਂਗਰਸ ਨੇਤਾ ਨੇ ਕਿਹਾ ਕਿ ਸ਼ਾਮ ਨੂੰ ਮੁੰਬਈ ਵਿਚ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਕੋਈ ਮੀਟਿੰਗ ਤੈਅ ਨਹੀਂ ਹੈ।