ਬੰਗਲਾਦੇਸ਼ ’ਚ ਫੈਲੀ ਅਰਾਜਕਤਾ ਦਰਮਿਆਨ ਰਾਹੁਲ ’ਤੇ ਲੱਗੇ ਦੋਸ਼
Sunday, Aug 11, 2024 - 12:47 AM (IST)
ਨਵੀਂ ਦਿੱਲੀ, (ਅਨਸ)- ਬੰਗਲਾਦੇਸ਼ ’ਚ ਫੈਲੀ ਅਰਾਜਕਤਾ ਦਰਮਿਆਨ ਉਥੋਂ ਦੇ ਇਕ ਪੱਤਰਕਾਰ ਨੇ ਕਾਂਗਰਸ ਦੇ ਸੰਸਦ ਰਾਹੁਲ ਗਾਂਧੀ ’ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਹ ਪਿਛਲੇ ਮਹੀਨੇ ਲੰਡਨ ਵਿਚ ਖਾਲਿਦਾ ਜ਼ਿਆ ਦੇ ਬੇਟੇ ਨੂੰ ਮਿਲੇ ਸਨ।
ਭਾਜਪਾ ਨੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਕਾਂਗਰਸ ਤੋਂ ਪੁੱਛਿਆ ਹੈ ਕਿ ਕੀ ਇਹ ਸੱਚ ਹੈ? ਭਾਜਪਾ ਦੇ ਰਾਸ਼ਟਰੀ ਬੁਲਾਰੇ ਤੁਹੀਨ ਸਿਨ੍ਹਾ ਨੇ ਰਾਹੁਲ ਗਾਂਧੀ ਵਲੋਂ ਲੰਡਨ ’ਚ ਖਾਲਿਦਾ ਜ਼ਿਆ ਦੇ ਬੇਟੇ ਨਾਲ ਮੁਲਾਕਾਤ ਕਰਨ ਦੀਆਂ ਖਬਰਾਂ ਨੂੰ ਗੰਭੀਰ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਕਾਂਗਰਸ ਤੁਰੰਤ ਦੱਸੇ ਕਿ ਕੀ ਇਹ ਮੁਲਾਕਾਤ ਹੋਈ ਸੀ ਤੇ ਜੇ ਹੋਈ ਸੀ ਤਾਂ ਇਸ ਦਾ ਏਜੰਡਾ ਕੀ ਸੀ?
ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਇਕ ਸੀਨੀਅਰ ਪੱਤਰਕਾਰ ਨੇ ਸਾਡੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਵੱਡਾ ਦੋਸ਼ ਲਾਇਆ ਹੈ ਕਿ ਪਿਛਲੇ ਮਹੀਨੇ ਲੰਡਨ ’ਚ ਉਨ੍ਹਾਂ ਖਾਲਿਦਾ ਜ਼ਿਆ ਦੇ ਬੇਟੇ ਨਾਲ ਮੁਲਾਕਾਤ ਕੀਤੀ ਸੀ ਤੇ ਬੰਗਲਾਦੇਸ਼ 'ਚ ਚੱਲ ਰਹੇ ਅੰਦੋਲਨ ਨੂੰ ਹਰੀ ਝੰਡੀ ਦਿੱਤੀ ਸੀ।
ਭਾਜਪਾ ਦੇ ਬੁਲਾਰੇ ਨੇ ਕਾਂਗਰਸ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਰਾਹੁਲ ਗਾਂਧੀ ’ਤੇ ਲਾਇਆ ਗਿਆ ਇਹ ਬਹੁਤ ਵੱਡਾ ਤੇ ਗੰਭੀਰ ਦੋਸ਼ ਹੈ। ਇਸ ’ਤੇ ਕਾਂਗਰਸ ਨੂੰ ਤੁਰੰਤ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਰਾਹੁਲ ਗਾਂਧੀ ਪਿਛਲੇ ਮਹੀਨੇ 10 ਦਿਨ ਭਾਰਤ ’ਚ ਨਹੀਂ ਸਨ ਤਾਂ ਕੀ ਉਹ ਉਸ ਦੌਰਾਨ ਲੰਡਨ ’ਚ ਸਨ?
ਤੁਹੀਨ ਸਿਨਹਾ ਨੇ ਕਿਹਾ ਕਿ ਵੀਰਵਾਰ, 8 ਅਗਸਤ ਨੂੰ ਰਾਹੁਲ ਗਾਂਧੀ ਨੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਅਰਥ ਸ਼ਾਸਤਰੀ ਜੀਨ ਡਰੇਜ਼ ਵੀ ਸ਼ਾਮਲ ਸੀ । ਉਸੇ ਜੀਨ ਡਰੇਜ਼ ਨੂੰ ਅਗਲੇ ਹੀ ਦਿਨ 9 ਅਗਸਤ ਨੂੰ ਫਿਲਸਤੀਨ ਦੇ ਹੱਕ ’ਚ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਬੰਗਲਾਦੇਸ਼ ’ਚ ਖਾਨਾਜੰਗੀ ਦੀ ਹਮੇਸ਼ਾ ਵਕਾਲਤ ਕਰਨ ਵਾਲੇ ਨਦੀਮ ਖਾਨ ਵੀ ਇੱਥੇ ਉਨ੍ਹਾਂ ਨਾਲ ਮੌਜੂਦ ਸਨ।