ਰਾਹੁਲ ਨੇ ਫਿਰ ਤਾਲਾਬੰਦੀ ਨੂੰ ਦੱਸਿਆ ਫੇਲ੍ਹ, ਕਿਹਾ- ਸੂਬਿਆਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਰਿਹਾ ਕੇਂਦਰ

6/4/2020 12:14:59 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਆਫ਼ਤ ਦਰਮਿਆਨ ਉਦਯੋਗਪਤੀ ਰਾਜੀਵ ਬਜਾਜ ਨਾਲ ਕਈ ਮਾਮਲਿਆਂ 'ਤੇ ਗੱਲ ਕੀਤੀ। ਤਾਲਾਬੰਦੀ ਹੋਣ ਕਾਰਨ ਦੇਸ਼ 'ਚ ਰੋਜ਼ਗਾਰ ਦਾ ਸੰਕਟ ਪੈਦਾ ਹੋਇਆ ਹੈ, ਇਸ ਮਾਮਲੇ 'ਤੇ ਦੋਹਾਂ ਦਰਮਿਆਨ ਗੱਲਬਾਤ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤਾਲਾਬੰਦੀ ਨੂੰ ਫੇਲ੍ਹ ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਉੱਪਰ ਤੋਂ ਹੇਠਾਂ ਆਰਡਰ ਨਹੀਂ ਰਹਿਣਗੇ, ਉਦੋਂ ਤੱਕ ਸਥਿਤੀ ਮੁਸ਼ਕਲ ਹੀ ਬਣੀ ਰਹੇਗੀ। ਰਾਜੀਵ ਬਜਾਜ ਨਾਲ ਗੱਲਬਾਤ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਕੋਰੋਨਾ ਆਫ਼ਤ ਆਈ ਤਾਂ ਅਸੀਂ ਕਾਂਗਰਸ ਪਾਰਟੀ ਦੇ ਅੰਦਰ ਇਕ ਗੰਭੀਰ ਚਰਚਾ ਕੀਤੀ ਸੀ। ਰਾਹੁਲ ਬੋਲੇ ਕਿ ਸਾਡੀ ਚਰਚਾ ਇਹ ਹੋਈ ਸੀ ਕਿ ਸੂਬਿਆਂ ਨੂੰ ਤਾਕਤ ਦੇਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਪੂਰਾ ਸਮਰਥਨ ਦੇਣਾ ਚਾਹੀਦਾ। ਕੇਂਦਰ ਨੂੰ ਰੇਲ-ਫਲਾਈਟ 'ਤੇ ਕੰਮ ਕਰਨਾ ਚਾਹੀਦਾ ਸੀ ਪਰ ਮੁੱਖ ਮੰਤਰੀ ਅਤੇ ਡੀ.ਐੱਮ. ਨੂੰ ਜ਼ਮੀਨ 'ਤੇ ਲੜਾਈ ਲੜਨੀ ਚਾਹੀਦੀ ਸੀ।

ਕਾਂਗਰਸ ਨੇਤਾ ਨੇ ਇਕ ਵਾਰ ਫਿਰ ਦੁਹਰਾਇਆ ਕਿ ਮੇਰੇ ਹਿਸਾਬ ਨਾਲ ਤਾਲਾਬੰਦੀ ਫੇਲ੍ਹ ਹੈ ਅਤੇ ਹੁਣ ਮਾਮਲੇ ਵਧ ਰਹੇ ਹਨ। ਹੁਣ ਕੇਂਦਰ ਸਰਕਾਰ ਪਿੱਛੇ ਹਟ ਰਹੀ ਹੈ ਅਤੇ ਕਹਿ ਰਹੀ ਹੈ ਕਿ ਸੂਬੇ ਖ਼ੁਦ ਇਸ ਮਹਾਮਾਰੀ ਨੂੰ ਸੰਭਾਲ ਲੈਣ। ਭਾਰਤ ਨੇ 2 ਮਹੀਨੇ ਦਾ ਪਾਜ (ਵਿਰਾਮ) ਬਟਨ ਦਬਾਇਆ ਅਤੇ ਹੁਣ ਉਹ ਕਦਮ ਚੁੱਕ ਰਿਹਾ ਹੈ, ਜੋ ਪਹਿਲੇ ਦਿਨ ਚੁੱਕਣੇ ਸਨ। ਪ੍ਰਵਾਸੀ ਮਜ਼ਦੂਰਾਂ ਦੇ ਮਸਲੇ 'ਤੇ ਰਾਹੁਲ ਗਾਂਧੀ ਬੋਲੇ ਕਿ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਸਰਕਾਰ ਲੋਕਾਂ ਦੇ ਹੱਥ 'ਚ ਪੈਸਾ ਕਿਉਂ ਨਹੀਂ ਦੇ ਰਹੀ ਹੈ, ਰਾਜਨੀਤੀ ਨੂੰ ਭੁੱਲੋ ਪਰ ਇਸ ਸਮੇਂ ਲੋਕਾਂ ਨੂੰ ਪੈਸਾ ਦੇਣ ਦੀ ਜ਼ਰੂਰਤ ਹੈ।


DIsha

Content Editor DIsha