ਰਾਜਨਾਥ ਦੇ ਬਿਆਨ ਮਗਰੋਂ ਰਾਹੁਲ ਬੋਲੇ- ''ਮੋਦੀ ਜੀ ਤੁਸੀਂ ਕਦੋਂ ਚੀਨ ਖ਼ਿਲਾਫ਼ ਖੜ੍ਹੇ ਹੋਵੋਗੇ''
Tuesday, Sep 15, 2020 - 06:40 PM (IST)
ਨਵੀਂ ਦਿੱਲੀ— ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਚੀਨ ਨਾਲ ਜਾਰੀ ਤਣਾਅ ਬਾਰੇ ਬਿਆਨ ਦਿੱਤਾ ਗਿਆ ਹੈ। ਰਾਜਨਾਥ ਨੇ ਸਾਫ ਕਿਹਾ ਕਿ ਭਾਰਤ ਲੱਦਾਖ 'ਚ ਚੀਨ ਦੀਆਂ ਹਰਕਤਾਂ ਨੂੰ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਹੱਦੀ ਵਿਵਾਦ ਗੱਲਬਾਤ ਜ਼ਰੀਏ ਸ਼ਾਂਤੀਪੂਰਨ ਹੱਲ ਕਰਨਾ ਚਾਹੁੰਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨੇ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਅਤੇ ਅੰਦਰੂਨੀ ਖੇਤਰਾਂ 'ਚ ਵੱਡੀ ਗਿਣਤੀ 'ਚ ਫ਼ੌਜੀ ਟੁਕੜੀਆਂ ਅਤੇ ਗੋਲਾ ਬਾਰੂਦ ਨੂੰ ਇਕੱਠਾ ਕੀਤਾ ਗਿਆ ਪਰ ਭਾਰਤੀ ਫ਼ੌਜ ਵੀ ਤਿਆਰ ਹੈ ਅਤੇ ਚੀਨੀ ਫ਼ੌਜ ਦਾ ਜਵਾਬ ਦੇਣ 'ਚ ਸਮਰੱਥ ਹੈ। ਸੰਸਦ 'ਚ ਚੀਨ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਦੱਸੀ ਗਈ ਮੌਜੂਦਾ ਸਥਿਤੀ ਤੋਂ ਬਾਅਦ ਕਾਂਗਰਸ ਹਮਲਾਵਰ ਹੈ।
ਇਹ ਵੀ ਪੜ੍ਹੋ: ਸੰਸਦ 'ਚ ਰਾਜਨਾਥ ਸਿੰਘ ਦਾ ਬਿਆਨ- 'ਲੱਦਾਖ 'ਚ ਚੀਨ ਦੀ ਹਰਕਤ ਸਾਨੂੰ ਮਨਜ਼ੂਰ ਨਹੀਂ'
ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨੀ ਫ਼ੌਜ ਦੀ ਘੁਸਪੈਠ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਬੇ ਹੱਥੀਂ ਲਿਆ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਮਗਰੋਂ ਸਾਰੇ ਦਲਾਂ ਦੀ ਬੈਠਕ ਵਿਚ ਕਿਹਾ ਸੀ ਕਿ ਨਾ ਕੋਈ ਸਾਡੇ ਖੇਤਰ ਵਿਚ ਦਾਖ਼ਲ ਹੋਇਆ ਹੈ ਅਤੇ ਕਿਸੇ ਪੋਸਟ 'ਤੇ ਕਬਜ਼ਾ ਕੀਤਾ ਹੈ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਸ਼ਾਂਤੀ ਅਤੇ ਦੋਸਤੀ ਚਾਹੁੰਦਾ ਹੈ ਪਰ ਉਹ ਆਪਣੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਓਧਰ ਰਾਹੁਲ ਨੇ ਕਿਹਾ ਕਿ ਰੱਖਿਆ ਮੰਤਰੀ ਦੇ ਬਿਆਨ ਮਗਰੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਚੀਨੀ ਕਬਜ਼ੇ 'ਤੇ ਗੁੰਮਰਾਹ ਕੀਤਾ। ਸਾਡਾ ਦੇਸ਼ ਹਮੇਸ਼ਾ ਤੋਂ ਭਾਰਤੀ ਫ਼ੌਜ ਨਾਲ ਖੜ੍ਹਾ ਸੀ, ਹੈ ਅਤੇ ਰਹੇਗਾ। ਪਰ ਮੋਦੀ ਜੀ ਤੁਸੀਂ ਕਦੋਂ ਚੀਨ ਖ਼ਿਲਾਫ਼ ਖੜ੍ਹੋ ਹੋਵੇਗੇ? ਚੀਨ ਤੋਂ ਸਾਡੇ ਦੇਸ਼ ਦੀ ਜ਼ਮੀਨ ਕਦੋਂ ਵਾਪਸ ਲਵੋਗੇ। ਚੀਨ ਦਾ ਨਾਮ ਲੈਣ ਤੋਂ ਡਰੋ ਨਾ।