ਕਿਸਾਨ ਅੰਦੋਲਨ ਨੂੰ ਲੈ ਕੇ ਰਾਹੁਲ ਦਾ ਕੇਂਦਰ ''ਤੇ ਹਮਲਾ, ਕਿਹਾ- ''ਇਹ ਝੂਠ ਅਤੇ ਸੂਟ-ਬੂਟ ਦੀ ਸਰਕਾਰ''
Wednesday, Dec 02, 2020 - 03:50 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਬੁੱਧਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦੋਸ਼ ਲਗਾਇਆ ਹੈ ਕਿ ਇਹ 'ਝੂਠ ਅਤੇ ਸੂਟ-ਬੂਟ ਦੀ ਸਰਕਾਰ' ਹੈ। ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜਿਆ ਇਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਕਿਹਾ ਗਿਆ ਸੀ ਕਿ ਕਿਸਾਨ ਦੀ ਆਮਦਨ ਦੁੱਗਣੀ ਹੋਵੇਗੀ ਪਰ 'ਮਿੱਤਰਾਂ' ਦੀ ਆਮਦਨ ਚੌਗੁਣੀ ਅਤੇ ਕਿਸਾਨ ਦੀ ਹੋ ਗਈ ਅੱਧੀ।'' ਕਾਂਗਰਸ ਨੇਤਾ ਨੇ ਦੋਸ਼ ਲਗਾਇਆ,''ਇਹ ਝੂਠ ਦੀ, ਲੁੱਟ ਦੀ, ਸੂਟ-ਬੂਟ ਦੀ ਸਰਕਾਰ ਹੈ।'' ਇਸ ਦੇ ਨਾਲ ਹੀ ਰਾਹੁਲ ਨੇ ਇਕ ਹੋਰ ਟਵੀਟ ਕਰ ਕੇ ਲਿਖਿਆ,''ਮੋਦੀ ਸਰਕਾਰ ਕਿਸਾਨਾਂ ਨੂੰ ਜੁਮਲੇ ਦੇਣਾ ਬੰਦ ਕਰੇ। ਬੇਇਮਾਨੀ ਅਤੇ ਅੱਤਿਆਚਾਰ ਬੰਦ ਕਰੇ। ਗੱਲਬਾਤ ਦਾ ਢਕੋਸਲਾ ਬੰਦ ਕਰੇ। ਕਿਸਾਨ ਮਜ਼ਦੂਰ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਖਤਮ ਕਰੇ।''
ਇਹ ਵੀ ਪੜ੍ਹੋ : NRI ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ, ਚੋਣਾਂ 'ਚ ਸਿੱਧੇ ਕਰ ਸਕਣਗੇ ਵੋਟ
ਦੱਸਣਯੋਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ 35 ਕਿਸਾਨ ਸੰਗਠਨਾਂ ਦੀਆਂ ਚਿੰਤਾਵਾਂ 'ਤੇ ਗੌਰ ਕਰਨ ਲਈ ਇਕ ਕਮੇਟੀ ਗਠਿਤ ਕਰਨ ਦੇ ਸਰਕਾਰ ਦੇ ਪ੍ਰਸਤਾਵ ਨੂੰ ਮੰਗਲਵਾਰ ਨੂੰ ਕਿਸਾਨ ਪ੍ਰਤੀਨਿਧੀਆਂ ਨੇ ਠੁਕਰਾ ਦਿੱਤਾ। ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਹੋਈ ਉਨ੍ਹਾਂ ਦੀ ਲੰਬੀ ਬੈਠਕ ਬੇਨਤੀਜਾ ਰਹੀ। ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਇਕ ਹਫ਼ਤੇ ਤੋਂ ਪ੍ਰਦਰਸ਼ਨ ਕਰ ਰਹੇ ਹਨ।