ਸਰਕਾਰ ਦੀ ਯੋਜਨਾ ਭਾਰਤ ਦੀ ਸੰਪਤੀ ‘ਆਪਣੇ ਪੂੰਜੀਪਤੀ ਮਿੱਤਰਾਂ’ ਦੇ ਹਵਾਲੇ ਕਰਨ ਦੀ: ਰਾਹੁਲ
Monday, Feb 01, 2021 - 04:36 PM (IST)

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ਪੇਸ਼ ਕੀਤੇ ਜਾਣ ਮਗਰੋਂ ਦੋਸ਼ ਲਾਇਆ ਕਿ ਸਰਕਾਰ ਦੀ ਯੋਜਨਾ ਭਾਰਤ ਦੀ ਸੰਪਤੀ ਨੂੰ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਸੌਂਪਣ ਦੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਸਰਕਾਰ ਲੋਕਾਂ ਦੇ ਹੱਥਾਂ ਵਿਚ ਪੈਸੇ ਦੇਣ ਬਾਰੇ ਭੁੱਲ ਗਈ ਹੈ। ਰਾਹੁਲ ਨੇ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਬਜਟ ਵਿਚ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਦੇ ਨਾਲ-ਨਾਲ ਸਿਹਤ ਅਤੇ ਰੱਖਿਆ ਖਰਚ ’ਚ ਵਾਧਾ ਕੀਤੇ ਜਾਣ ਦੀ ਲੋੜ ਹੈ।
ਕਾਂਗਰਸ ਨੇਤਾ ਰਾਹੁਲ ਨੇ ਕਿਹਾ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਸਿਹਤ ਖੇਤਰ ’ਤੇ ਖ਼ਰਚ ਵਧਾਇਆ ਜਾਵੇ। ਸਰਹੱਦਾਂ ਦੀ ਸੁਰੱਖਿਆ ਲਈ ਰੱਖਿਆ ਖ਼ਰਚ ਵਿਚ ਵੀ ਵਾਧਾ ਹੋਵੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਬਜਟ ਪੇਸ਼ ਕੀਤਾ ਹੈ। ਇਸ ਵਿਚ ਸਰਕਾਰ ਨੇ ਦੇਸ਼ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਜ਼ਰੀਏ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਵਿੱਤੀ ਸਾਲ 2021-22 ਵਿਚ ਪੂੰਜੀਗਤ ਖ਼ਰਚ ਨੂੰ 34.5 ਫ਼ੀਸਦੀ ਵਧਾ ਕੇ 5.5 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ। ਜਨਤਕ ਖੇਤਰ ਅਤੇ ਵਿੱਤੀ ਸੰਸਥਾਵਾਂ ਵਿਚ ਹਿੱਸੇਦਾਰੀ ਵਿਕਰੀ ਤੋਂ ਵਿੱਤੀ ਸਾਲ 2021-22 ’ਚ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਟੀਕਾਕਰਨ ਮੁਹਿੰਮ ਲਈ 35,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।